ਸੁਰੱਖਿਆ ਕਾਨੂੰਨ ਆਜ਼ਾਦੀ ਲਈ ਖਤਰਾ ਨਹੀਂ : ਹਾਂਗਕਾਂਗ ਦੀ ਨੇਤਾ

Wednesday, May 27, 2020 - 02:14 AM (IST)

ਸੁਰੱਖਿਆ ਕਾਨੂੰਨ ਆਜ਼ਾਦੀ ਲਈ ਖਤਰਾ ਨਹੀਂ : ਹਾਂਗਕਾਂਗ ਦੀ ਨੇਤਾ

ਹਾਂਗਕਾਂਗ - ਹਾਂਗਕਾਂਗ ਦੀ ਉੱਚ ਨੇਤਾ ਨੇ ਮੰਗਲਵਾਰ ਨੂੰ ਕਿਹਾ ਕਿ ਚੀਨ ਵੱਲੋਂ ਪ੍ਰਸਤਾਵਿਤ ਰਾਸ਼ਟਰੀ ਸੁਰੱਖਿਆ ਕਾਨੂੰਨ ਇਸ ਅਰਧ-ਖੁਦਮੁਖਤਿਆਰੀ ਖਿੱਤੇ ਦੇ ਨਾਗਰਿਕ ਅਧਿਕਾਰਾਂ ਲਈ ਕੋਈ ਖਤਰਾ ਪੈਦਾ ਨਹੀਂ ਕਰਦਾ। ਹਾਂਗਕਾਂਗ ਦੀ ਮੁੱਖ ਕਾਰਜਕਾਰੀ ਕੈਰੀ ਲੈਮ ਨੇ ਪੱਤਰਕਾਰਾਂ ਨੂੰ ਕਿਹਾ ਕਿ ਚੀਨ ਦੀ ਨੈਸ਼ਨਲ ਪੀਪਲਸ ਕਾਂਗਰਸ ਜਿਸ ਕਦਮ 'ਤੇ ਵਿਚਾਰ ਕਰ ਰਹੀ ਹੈ ਉਸ ਤੋਂ ਸਾਨੂੰ ਚਿੰਤਤ ਹੋਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਹਾਂਗਕਾਂਗ ਨੇ ਇਹ ਸਾਬਿਤ ਕੀਤਾ ਹੈ ਕਿ ਅਸੀਂ ਉਨਾਂ ਮੁੱਲਾਂ ਨੂੰ ਬਰਕਰਾਰ ਅਤੇ ਸੁਰੱਖਿਅਤ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਹਾਂਗਕਾਂਗ ਦੇ ਲੋਕਾਂ ਦੀ ਵੱਡੀ ਆਬਾਦੀ ਦੇ ਜ਼ਿਆਦਾ ਫਾਇਦੇ ਲਈ ਬਿੱਲ ਦੇ ਇਸ ਹਿੱਸੇ ਦੀ ਜ਼ਰੂਰਤ ਹੈ। ਲੈਮ ਨੇ ਕਿਹਾ ਕਿ ਹਾਂਗਕਾਂਗ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵਿਚ ਇਕ ਜੂਨ ਤੋਂ ਟ੍ਰਾਂਜਿਟ ਸੇਵਾ ਸ਼ੁਰੂ ਹੋ ਜਾਵੇਗੀ ਪਰ ਕੋਰੋਨਾਵਾਇਰਸ ਨੂੰ ਰੋਕਣ ਲਈ ਚੁੱਕੇ ਗਏ ਕਦਮ ਦੇ ਤਹਿਤ ਵਿਦੇਸ਼ ਤੋਂ ਕਿਸੇ ਨੂੰ ਇਥੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਚੀਨ ਦੇ ਇਸ ਨਵੇਂ ਕਾਨੂੰਨ ਨੂੰ ਹਾਂਗਕਾਂਗ ਵਿਚ ਪਿਛਲੇ ਸਾਲ ਲੋਕਤੰਤਰ ਦੀ ਮੰਗ ਨੂੰ ਲੈ ਕੇ ਚਲੇ ਵਿਰੋਧ ਪ੍ਰਦਰਸ਼ਨ ਤੋਂ ਬਾਅਦ, ਉਸ 'ਤੇ ਜ਼ਿਆਦਾ ਕੰਟਰੋਲ ਸਥਾਪਿਤ ਕਰਨ ਦੀ ਸਰਕਾਰ ਦੀ ਇੱਛਾ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਚੀਨ ਨੇ ਹਾਂਗਕਾਂਗ ਲਈ ਨਵਾਂ ਨੁਮਾਇੰਦਾ ਨਿਯੁਕਤ ਕੀਤਾ ਹੈ, ਜੋ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਸਥਾਪਿਤ ਸਖਤ ਨਿਯਮਾਂ ਦਾ ਪਾਲਣ ਕਰ ਰਿਹਾ ਹੈ। ਅਮਰੀਕਾ ਨੇ ਇਸ ਪ੍ਰਸਤਾਵਿਤ ਕਾਨੂੰਨ ਦੀ ਸਖਤ ਨਿੰਦਾ ਕੀਤੀ ਹੈ ਅਤੇ ਹਾਂਗਕਾਂਗ ਦੇ ਨਾਲ ਤਰਜੀਹੀ ਵਪਾਰ ਦਰਜੇ ਨੂੰ ਵੀ ਖਤਮ ਕਰਨ ਦੀ ਧਮਕੀ ਦਿੱਤੀ ਹੈ। ਅਲੋਚਨਾਵਾਂ ਵਿਚਾਲੇ ਲੈਮ ਨੇ ਕਿਹਾ ਕਿ ਹਾਂਗਕਾਂਗ 'ਤੇ ਕਾਨੂੰਨ ਲਾਗੂ ਕਰਨ ਦੇ ਸਬੰਧ ਵਿਚ ਕੁਝ ਵਿਦੇਸ਼ੀ ਨੇਤਾਵਾਂ ਨੇ ਸੱਚਾਈ ਤੋਂ ਪਰੇ ਵਿਚਾਰ ਜ਼ਾਹਿਰ ਕੀਤੇ ਹਨ। ਉਨ੍ਹਾਂ ਨੇ ਅੱਤਵਾਦ 'ਤੇ ਚਿੰਤਾ ਵਿਅਕਤ ਕਰਦੇ ਹੋਏ ਆਪਣੇ ਉਨਾਂ ਦਾਅਵਿਆਂ ਨੂੰ ਦੁਹਰਾਇਆ ਕਿ ਇਹ ਕਾਨੂੰਨ ਸਿਰਫ ਇਕ ਘੱਟ ਗਿਣਤੀ ਸਮੂਹ 'ਤੇ ਕੇਂਦ੍ਰਿਤ ਹੋਵੇਗਾ। ਅਜਿਹਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਹਾਂਗਕਾਂਗ ਦੇ ਕਾਨੂੰਨ ਨੂੰ ਖਤਮ ਕਰ ਦੇਵੇਗਾ ਅਤੇ ਚੀਨੀ ਏਜੰਟਾਂ ਦਾ ਮਨਘੜ੍ਹਤ ਢੰਗ ਨਾਲ ਉਨਾਂ ਲੋਕਾਂ ਨੂੰ ਗਿ੍ਰਫਤਾਰ ਕਰਨ ਦਾ ਅਧਿਕਾਰ ਦੇਵੇਗਾ ਜੋ ਲੋਕਤੰਤਰ ਸਮਰਥਕ ਹਨ।


author

Khushdeep Jassi

Content Editor

Related News