ਪਾਕਿ ਫੌਜ ਮੁਖੀ ਦੇ ਨਾਮ ਇਮਰਾਨ ਖਾਨ ਦਾ ਕੋਈ ਪੱਤਰ ਨਹੀਂ ਮਿਲਿਆ: ਸੁਰੱਖਿਆ ਫੋਰਸ

Wednesday, Feb 05, 2025 - 04:40 PM (IST)

ਪਾਕਿ ਫੌਜ ਮੁਖੀ ਦੇ ਨਾਮ ਇਮਰਾਨ ਖਾਨ ਦਾ ਕੋਈ ਪੱਤਰ ਨਹੀਂ ਮਿਲਿਆ: ਸੁਰੱਖਿਆ ਫੋਰਸ

ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਦਾਅਵਿਆਂ ਦੇ ਉਲਟ, ਸੁਰੱਖਿਆ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਫੌਜ ਮੁਖੀ (ਸੀ.ਓ.ਏ.ਐਸ.) ਜਨਰਲ ਅਸੀਮ ਮੁਨੀਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਕੋਈ ਪੱਤਰ ਨਹੀਂ ਮਿਲਿਆ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਮੀਡੀਆ ਵਿੱਚ ਪ੍ਰਕਾਸ਼ਿਤ ਖ਼ਬਰਾਂ ਤੋਂ ਮਿਲੀ ਹੈ। ਇਹ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਪੀ.ਟੀ.ਆਈ. ਚੇਅਰਮੈਨ ਗੌਹਰ ਅਲੀ ਖਾਨ ਅਤੇ ਖਾਨ ਦੇ ਵਕੀਲ ਫੈਸਲ ਚੌਧਰੀ ਨੇ ਸੋਮਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਪੀ.ਟੀ.ਆਈ. ਦੇ ਸੰਸਥਾਪਕ ਨੇ ਫੌਜ ਮੁਖੀ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਉਨ੍ਹਾਂ ਨੂੰ "ਨੀਤੀ ਦਾ ਮੁੜ ਮੁਲਾਂਕਣ" ਕਰਨ ਦੀ ਅਪੀਲ ਕੀਤੀ ਗਈ ਹੈ।

'ਦਿ ਐਕਸਪ੍ਰੈਸ ਟ੍ਰਿਬਿਊਨ' ਅਖਬਾਰ ਅਨੁਸਾਰ, ਮਾਮਲੇ ਤੋਂ ਜਾਣੂ ਸੂਤਰਾਂ ਨੇ ਕਿਹਾ ਕਿ ਖਾਨ ਦੇ ਪੱਤਰ ਬਾਰੇ ਖ਼ਬਰ ਫੌਜੀ ਲੀਡਰਸ਼ਿਪ ਤੱਕ ਮੀਡੀਆ ਰਾਹੀਂ ਪਹੁੰਚੀ, ਨਾ ਕਿ ਕਿਸੇ ਰਸਮੀ ਸੰਚਾਰ ਰਾਹੀਂ। ਇਸ ਤੋਂ ਇਲਾਵਾ 'ਡਾਨ' ਅਖਬਾਰ ਨੇ ਸੁਰੱਖਿਆ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਫੌਜ ਨੂੰ ਇਹ ਪੱਤਰ ਪ੍ਰਾਪਤ ਨਹੀਂ ਹੋਇਆ ਹੈ। ਉਨ੍ਹਾਂ ਨੇ ਅਜਿਹਾ ਕੋਈ ਪੱਤਰ ਮਿਲਣ ਦੀਆਂ ਰਿਪੋਰਟਾਂ ਨੂੰ ਵੀ ਰੱਦ ਕਰ ਦਿੱਤਾ। ਸੁਰੱਖਿਆ ਸੂਤਰਾਂ ਨੇ ਦੋਸ਼ ਲਗਾਇਆ ਕਿ ਪੀ.ਟੀ.ਆਈ. ਲੀਡਰਸ਼ਿਪ ਨੇ ਇੱਕ ਹੋਰ "ਤਮਾਸ਼ਾ" ਕੀਤਾ ਹੈ ਅਤੇ ਸੁਝਾਅ ਦਿੱਤਾ ਹੈ ਕਿ ਜੇਕਰ ਪਾਰਟੀ ਗੱਲਬਾਤ ਵਿੱਚ ਦਿਲਚਸਪੀ ਰੱਖਦੀ ਹੈ, ਤਾਂ ਉਸਨੂੰ ਫੌਜੀ ਅਦਾਰਿਆਂ ਦੀ ਬਜਾਏ ਨੇਤਾਵਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ।

'ਡਾਨ' ਦੀ ਰਿਪੋਰਟ ਅਨੁਸਾਰ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਜੇਕਰ ਅਜਿਹਾ ਕੋਈ ਪੱਤਰ ਪ੍ਰਾਪਤ ਹੁੰਦਾ ਹੈ, ਤਾਂ ਇਸ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ। 'ਦਿ ਐਕਸਪ੍ਰੈਸ ਟ੍ਰਿਬਿਊਨ' ਦੀ ਰਿਪੋਰਟ ਮੁਤਾਬਕ, ਇਸ ਦੌਰਾਨ, ਰਾਵਲਪਿੰਡੀ ਦੀ ਉੱਚ-ਸੁਰੱਖਿਆ ਵਾਲੀ ਅਦਿਆਲਾ ਜੇਲ੍ਹ ਦੇ ਬਾਹਰ ਖਾਨ ਦੇ ਵਕੀਲ ਚੌਧਰੀ ਨੇ ਵਿਸਥਾਰ ਨਾਲ ਦੱਸਿਆ ਕਿ ਖਾਨ ਨੇ, ਪੀ.ਟੀ.ਆਈ. ਸੁਪਰੀਮੋ ਅਤੇ ਸਾਬਕਾ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਜਨਰਲ ਮੁਨੀਰ ਨੂੰ 6-ਸੂਤਰੀ ਪੱਤਰ ਭੇਜਿਆ ਸੀ। 


author

cherry

Content Editor

Related News