ਸਾਊਦੀ ਅਰਬ ''ਚ 24 ਘੰਟਿਆਂ ''ਚ ਦੂਜੇ ਸ਼ਹਿਜ਼ਾਦੇ ਦੀ ਮੌਤ

11/06/2017 10:08:38 PM

ਰਿਆਦ— ਸਾਬਕਾ ਤਾਜ ਰਾਜਕੁਮਾਰ ਮੁਕਰਿਨ-ਅਲ-ਸੌਦ ਦੇ ਬੇਟੇ ਮਨਸੂਰ-ਬਿਨ-ਮੋਕਰਿਨ ਦੀ ਮੌਤ ਤੋਂ ਦੋ ਘੰਟੇ ਬਾਅਦ ਟਵਿੱਟਰ 'ਤੇ ਇਕ ਹੋਰ ਰਾਜ ਕੁਮਾਰ ਦੀ ਮੌਤ ਦੀਆਂ ਖਬਰਾਂ ਆ ਰਹੀਆਂ ਹਨ। 
ਅਰਬੀ ਅਲੀਥਡ ਨਿਊਜ਼ ਨੇ ਸਾਊਦੀ ਰਾਇਲ ਕੋਰਟ ਦਾ ਹਵਾਲਾ ਦੇ ਕੇ ਕਿਹਾ ਕਿ ਉਹ ਸਾਊਦੀ ਰਾਇਲ ਪਰਿਵਾਰ ਦੇ 44 ਸਾਲਾਂ ਰਾਜਕੁਮਾਰ ਅਬਦੁਲ ਅਜ਼ੀਜ਼ ਦੀ ਮੌਤ 'ਤੇ ਸੋਗ ਪ੍ਰਗਟਾਉਂਦਾ ਹੈ। ਹਾਲਾਂਕਿ ਉਨ੍ਹਾਂ ਦੀ ਮੌਤ ਦਾ ਕਾਰਨ ਅਜੇ ਦੱਸਿਆ ਨਹੀਂ ਗਿਆ ਹੈ। ਪ੍ਰਿੰਸ ਅਜ਼ੀਜ਼ (44) ਰਾਜਾ ਫਹਾਦ ਦਾ ਸਭ ਤੋਂ ਛੋਟਾ ਬੇਟਾ ਹੈ। 
ਹਾਲਾਂਕਿ ਕਈ ਨਿਊਜ਼ ਏਜੰਸੀਆਂ ਨੇ ਇਸ ਨੂੰ ਅਫਵਾਹ ਵੀ ਦੱਸਿਆ ਹੈ। ਇਕ ਹੋਰ ਰਿਪੋਰਟ 'ਚ ਕਿਹਾ ਗਿਆ ਹੈ ਕਿ ਅਜ਼ੀਜ਼ ਦੀ ਮੌਤ ਉਦੋਂ ਗੋਲੀਬਾਰੀ ਰਾਹੀਂ ਹੋਈ ਹੈ, ਜਦੋਂ ਉਸ ਨੇ ਗ੍ਰਿਫਤਾਰੀ ਤੋਂ ਨਾਂਹ ਕਰ ਦਿੱਤੀ ਸੀ। ਦੁਰਹਨ ਵੈੱਬਸਾਈਟ ਦੀ ਰਿਪੋਰਟ 'ਚ ਇਹ ਨਹੀਂ ਦੱਸਿਆ ਗਿਆ ਕਿ ਉਸ ਦੀ ਮੌਤ ਗੋਲੀ ਲੱਗਣ ਨਾਲ ਹੋਈ ਹੈ ਪਰ ਸਿਰਫ ਇੰਨਾ ਹੀ ਕਿਹਾ ਹੈ ਕਿ ਗ੍ਰਿਫਤਾਰੀ ਦੌਰਾਨ ਉਸ ਦੀ ਮੌਤ ਹੋ ਗਈ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ ਦੇ ਇਕ ਹੋਰ ਸ਼ਹਿਜ਼ਾਦੇ ਦੀ ਸੋਮਵਾਰ ਨੂੰ ਇਕ ਹੈਲੀਕਾਪਟਰ ਹਾਦਸੇ 'ਚ ਮੌਤ ਹੋ ਗਈ ਸੀ। ਸ਼ਹਿਜ਼ਾਦੇ ਸਮੇਤ ਹੋਰ ਕਈ ਅਧਿਕਾਰੀਆਂ ਨੂੰ ਲਿਜਾ ਰਿਹਾ ਹੈਲੀਕਾਪਟਰ ਸਾਊਦੀ ਅਰਬ ਦੀ ਯਮਨ ਨਾਲ ਲੱਗਣ ਵਾਲੀ ਦੱਖਣੀ ਸਰਹੱਦ ਨਜ਼ਦੀਕ ਹਾਦਸਾਗ੍ਰਸਤ ਹੋ ਗਿਆ। ਜਿਸ ਤੋਂ ਬਾਅਦ ਇਕ ਸਮਾਚਾਰ ਚੈਨਲ ਨੇ ਅਸੀਰ ਸੂਬੇ ਦੇ ਉਪ-ਗਵਰਨਰ ਅਤੇ ਸਾਬਕਾ ਵਲੀ ਅਹਿਦ (ਕਰਾਊਨ ਪ੍ਰਿੰਸ) ਦੇ ਬੇਟੇ ਸ਼ਹਿਜ਼ਾਦੇ ਮਨਸੂਰ-ਬਿਨ-ਮੋਕਰੇਨ ਦੀ ਮੌਤ ਦਾ ਐਲਾਨ ਕਰ ਦਿੱਤਾ।


Related News