ਸਦੀ ਦਾ ਦੂਜਾ ਦਹਾਕਾ ਵਿਸ਼ਵ ਲਈ ਰਿਹਾ ਘਾਤਕ, ਮ੍ਰਿਤਕ ਬੱਚਿਆਂ 'ਚ 27 ਫ਼ੀਸਦੀ ਅਫ਼ਗਾਨਿਸਤਾਨ ਦੇ 'ਮਾਸੂਮ'

Tuesday, Jan 04, 2022 - 05:08 PM (IST)

ਨਿਊਯਾਰਕ : ਇਸ ਸਦੀ ਦਾ ਦੂਜਾ ਦਹਾਕਾ ਪੂਰੀ ਦੁਨੀਆ ਦੇ ਬੱਚਿਆਂ ਲਈ ਕਾਫੀ ਘਾਤਕ ਸਾਬਤ ਹੋਇਆ ਹੈ। ਸੰਯੁਕਤ ਰਾਸ਼ਟਰ ਬਾਲ ਫੰਡ (ਯੂਨੀਸੇਫ) ਮੁਤਾਬਕ ਪਿਛਲੇ 10 ਸਾਲਾਂ ਵਿੱਚ ਬੱਚਿਆਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਅਤੇ ਝਟਕੇ ਵਿੱਚ ਉਨ੍ਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਖੂਨੀ ਸੰਘਰਸ਼ ਸੀ। ਟੋਲੋ ਨਿਊਜ਼ ਵਿੱਚ ਜਾਰੀ ਕੀਤੀ ਗਈ ਯੂਨੀਸੇਫ ਦੀ ਇੱਕ ਰਿਪੋਰਟ ਅਨੁਸਾਰ, ਅਫਗਾਨਿਸਤਾਨ ਵਿੱਚ 2005 ਤੋਂ ਲੈ ਕੇ ਹੁਣ ਤੱਕ 28,500 ਤੋਂ ਵੱਧ ਬੱਚੇ ਸੰਘਰਸ਼ ਵਿੱਚ ਮਾਰੇ ਗਏ ਹਨ, ਜੋ ਕਿ ਵਿਸ਼ਵ ਭਰ ਵਿੱਚ ਸਾਰੇ ਪ੍ਰਮਾਣਿਤ ਬੱਚਿਆਂ ਦੀ ਮੌਤ ਦਾ 27 ਪ੍ਰਤੀਸ਼ਤ ਹੈ।

ਰਿਪੋਰਟ ਮੁਤਾਬਕ ਅਫਗਾਨਿਸਤਾਨ ਵਿਚ ਪਿਛਲੇ 16 ਸਾਲਾਂ ਦਰਮਿਆਨ ਸਭ ਤੋਂ ਜ਼ਿਆਦਾ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਯੂਨੀਸੇਫ ਮੁਤਾਬਕ ਅਫਗਾਨਿਸਤਾਨ, ਯਮਨ,ਸੀਰੀਆ ਅਤੇ ਉੱਤਰੀ ਇਥਿਯੋਪਿਆ ਅਜਿਹੇ ਸਥਾਨ ਹਨ ਜਿਥੇ ਬੱਚਿਆਂ ਨੇ ਭਾਰੀ ਕੀਮਤ ਚੁਕਾਈ ਹੈ ਕਿਉਂਕਿ ਹਥਿਆਰਬੰਦ ਸੰਘਰਸ਼, ਅੰਤਰ-ਫਿਰਕੂ ਹਿੰਸਾ ਅਤੇ ਅਸੁਰੱਖਿਆ ਜਾਰੀ ਹੈ। ਸੰਯੁਕਤ ਰਾਸ਼ਟਰ ਚਿਲਡਰਨ ਫੰਡ (ਯੂਨੀਸੇਫ) ਦੀ ਕਾਰਜਕਾਰੀ ਨਿਰਦੇਸ਼ਕ ਹੈਨਰੀਏਟਾ ਫੋਰ ਅਨੁਸਾਰ, ਇਸ ਦਹਾਕੇ ਦੌਰਾਨ ਹਿੰਸਕ ਸੰਘਰਸ਼ ਪਹਿਲਾਂ ਨਾਲੋਂ ਲੰਬੇ ਸਮੇਂ ਤੱਕ ਚੱਲਿਆ ਜਾਪਦਾ ਹੈ। ਇਸ ਦਾ ਸਿੱਧਾ ਅਸਰ ਉਥੇ ਰਹਿਣ ਵਾਲੇ ਨੌਜਵਾਨਾਂ 'ਤੇ ਖਾਸ ਤੌਰ 'ਤੇ ਪਿਆ ਹੈ। ਫੋਰ ਦਾ ਇੱਥੋਂ ਤੱਕ ਕਹਿਣਾ ਹੈ ਕਿ ਇਨ੍ਹਾਂ ਝਗੜਿਆਂ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ : ਚੀਨ ਦਾ ਕਰਜ਼ ਉਤਾਰਦਿਆਂ 'ਕੰਗਾਲ' ਹੋਇਆ ਸ਼੍ਰੀਲੰਕਾ, ਜਲਦ ਹੋ ਸਕਦੈ ਦਿਵਾਲੀਆ

ਆਂਕੜਿਆਂ ਮੁਤਾਬਕ ਸਾਲ 2018 ਵਿਚ ਯੂਨੀਸੇਫ ਨੇ ਬਾਲ ਅਧਿਕਾਰਾਂ ਦੀ ਘਾਣ ਦੇ 24 ਹਜ਼ਾਰ ਤੋਂ ਜ਼ਿਆਦਾ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਨ੍ਹਾਂ ਵਿਚ ਕਤਲ , ਅਪੰਗਤਾ, ਜਿਨਸੀ ਹਿੰਸਾ, ਬਾਲ ਸਿਪਾਹੀਆਂ ਦੀ ਭਰਤੀ ਅਤੇ ਸਕੂਲਾਂ ਅਤੇ ਹਸਪਤਾਲਾਂ 'ਤੇ ਹਮਲੇ, ਅਗਵਾ, ਮਨੁੱਖੀ ਰਾਹਤ ਦੀ ਘਾਟ ਸ਼ਾਮਲ ਹਨ। ਸਾਲ 2010 ਦੇ ਮੁਕਾਬਲੇ ਬੱਚਿਆਂ ਵਿਰੁੱਧ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਸਾਲ 2019 'ਚ ਵੀ ਬੱਚਿਆਂ ਵਿਰੁੱਧ ਹਿੰਸਾ ਅਤੇ ਉਨ੍ਹਾਂ 'ਤੇ ਹਮਲਿਆਂ ਦੇ ਮਾਮਲਿਆਂ 'ਚ ਕੋਈ ਕਮੀ ਨਹੀਂ ਆਈ ਹੈ। 2021 ਵਿੱਚ ਹੀ, ਜੂਨ ਤੱਕ, ਸੰਯੁਕਤ ਰਾਸ਼ਟਰ ਨੇ ਲਗਭਗ 10,000 ਕੇਸ ਦਰਜ ਕੀਤੇ ਹਨ। ਇਹ ਮਾਮਲੇ ਲੋਕਤੰਤਰੀ ਗਣਰਾਜ ਕਾਂਗੋ, ਯੂਕਰੇਨ ਅਤੇ ਸੀਰੀਆ ਵਿੱਚ ਸਾਹਮਣੇ ਆਏ ਹਨ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ ਨਹੀਂ ਭਰੀ ਇਨਕਮ ਟੈਕਸ ਰਿਟਰਨ ਤਾਂ ਜਾਣੋ ਕਿਹੜੇ ਹਨ ਵਿਕਲਪ

ਯੂਨੀਸੇਫ ਮੁਤਾਬਕ ਸਾਲ 2010 ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇ ਦਰਮਿਆਨ ਬੱਚਿਆਂ ਦੇ ਅਧਿਕਾਰਾਂ ਦੀ ਘਾਣ ਦੇ ਮਾਮਲਿਆਂ ਵਿਚ ਵੀ ਜ਼ਬਰਦਸਤ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਦੌਰਾਨ ਕਰੀਬ 70 ਹਜ਼ਾਰ ਦੇ ਕਰੀਬ ਮਾਮਲੇ ਸਾਹਮਣੇ ਆਏ ਹਨ। ਇਸ ਦਾ ਮਤਲਬ ਇਹ ਹੈ ਕਿ ਹਰ ਰੋਜ਼ ਲਗਭਗ 45 ਮਾਮਲੇ ਦਰਜ ਕੀਤੇ ਗਏ ਹਨ। ਇਹ ਆਂਕੜਾ ਆਪਣੇ ਆਪ ਵਿਚ ਇਕ ਡੂੰਘੀ ਚਿੰਤਾ ਦਾ ਵਿਸ਼ਾ ਹੈ। ਸੰਯੁਕਤ ਰਾਸ਼ਟਰ ਬਾਲ ਫੰਡ(ਯੂਨੀਸੇਫ) ਨੇ ਇਨ੍ਹਾਂ ਨੂੰ ਲੈ ਕੇ ਚਿੰਤਾ ਜ਼ਾਹਰ ਕਰਦਿਆਂ ਪੂਰੀ ਦੁਨੀਆ ਨੂੰ ਇਸ ਵੱਲ ਧਿਆਨ ਦੇਣ ਅਤੇ ਇਸਦੀ ਰੋਕਥਾਮ ਦੇ ਉਪਾਵਾਂ ਉੱਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਬੱਚਿਆਂ ਉੱਤੇ ਹਮਲੇ ਲਗਾਤਾਰ ਵਧ ਰਹੇ ਹਨ। ਸੰਘਰਸ਼ ਵਿਚ ਸ਼ਾਮਲ ਧੜੇ ਖੁੱਲ੍ਹੇਆਮ ਆਪਣੇ ਬੁਨਿਆਦੀ ਅਧਿਕਾਰਾਂ ਅਤੇ ਜੰਗ ਦੇ ਬੁਨਿਆਦੀ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਖ਼ਾਸ ਹੋ ਸਕਦੈ ਇਸ ਵਾਰ ਦਾ ਬਜਟ, 'ਸਮਰੱਥ' ਯੋਜਨਾ ਤਹਿਤ ਵਧੇਗੀ ਆਮਦਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News