ਸਕਾਟਲੈਂਡ ਸਰਕਾਰ ਵਲੋਂ ਡਾਕਟਰਾਂ ਦਾ ਸਨਮਾਨ, ਤਨਖ਼ਾਹ ''ਚ 3 ਫ਼ੀਸਦੀ ਵਾਧੇ ਦਾ ਐਲਾਨ

Saturday, Aug 14, 2021 - 03:31 PM (IST)

ਸਕਾਟਲੈਂਡ ਸਰਕਾਰ ਵਲੋਂ ਡਾਕਟਰਾਂ ਦਾ ਸਨਮਾਨ, ਤਨਖ਼ਾਹ ''ਚ 3 ਫ਼ੀਸਦੀ ਵਾਧੇ ਦਾ ਐਲਾਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਵਲੋਂ ਡਾਕਟਰਾਂ ਅਤੇ ਦੰਦਾਂ ਦੇ ਡਾਕਟਰਾਂ ਦੀ ਤਨਖਾਹ ਵਿਚ 3 ਫ਼ੀਸਦੀ ਦਾ ਵਾਧਾ ਕਰਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਹੈ। ਸਕਾਟਿਸ਼ ਸਰਕਾਰ ਨੇ ਦੱਸਿਆ ਕਿ ਇਹ ਵਾਧਾ ਕੋਰੋਨਾ ਮਹਾਮਾਰੀ ਦੇ ਦੌਰਾਨ ਕੀਤੇ ਗਏ ਯਤਨਾਂ ਦੇ ਮਾਣ ਵਜੋਂ ਦਿੱਤਾ ਗਿਆ ਹੈ। ਇਸ ਵਾਧੇ ਨਾਲ ਸਕਾਟਲੈਂਡ ਦੇ ਮੈਡੀਕਲ ਕਾਮੇ ਯੂ.ਕੇ. ਭਰ ਵਿਚੋਂ ਸਭ ਤੋਂ ਵਧੇਰੇ ਤਨਖ਼ਾਹ ਲੈਣ ਵਾਲਿਆਂ 'ਚ ਸ਼ੁਮਾਰ ਹੋਏ ਹਨ। ਸਕਾਟਲੈਂਡ ਦੇ ਸਿਹਤ ਸਕੱਤਰ ਹਮਜ਼ਾ ਯੂਸਫ ਅਨੁਸਾਰ ਤਨਖ਼ਾਹ ਵਿਚ ਇਹ ਵਾਧਾ ਪੁਰਸਕਾਰ ਸਾਰੇ ਐੱਨ. ਐੱਚ. ਐੱਸ. ਕਾਮਿਆਂ ਲਈ ਮਹਾਮਾਰੀ ਦੌਰਾਨ ਕੀਤੀ ਸੇਵਾ ਲਈ ਸਨਮਾਨ ਹੈ ਅਤੇ ਇਹ ਡਾਕਟਰਾਂ ਅਤੇ ਦੰਦਾਂ ਦੇ ਸਟਾਫ਼ ਦੀ ਲਗਾਤਾਰ ਸਖ਼ਤ ਮਿਹਨਤ ਅਤੇ ਸਮਰਪਣ ਨੂੰ ਦਰਸਾਉਂਦਾ ਹੈ। ਇਸ ਵਾਧੇ ਨਾਲ ਸਕਾਟਲੈਂਡ ਦੇ ਸੀਨੀਅਰ ਮੈਡੀਕਲ ਸਟਾਫ਼ ਨੂੰ ਯੂ.ਕੇ. ਵਿਚ ਸਭ ਤੋਂ ਵਧੀਆ ਤਨਖ਼ਾਹ ਮਿਲਦੀ ਰਹੇਗੀ।

ਸਕਾਟਲੈਂਡ ਵਲੋਂ ਕੀਤੇ ਇਸ 3 ਫ਼ੀਸਦੀ ਤਨਖ਼ਾਹ ਵਾਧੇ ਵਿਚ ਐੱਨ. ਐੱਚ. ਐੱਸ. ਸਕਾਟਲੈਂਡ ਦੇ ਮੈਡੀਕਲ ਅਤੇ ਡੈਂਟਲ ਸਟਾਫ, ਜਨਰਲ ਮੈਡੀਕਲ ਪ੍ਰੈਕਟੀਸ਼ਨਰ ਅਤੇ ਜਨਰਲ ਦੰਦਾਂ ਦੇ ਪ੍ਰੈਕਟੀਸ਼ਨਰ ਸ਼ਾਮਲ ਹਨ। ਇਹ ਨੌਕਰੀਆਂ ਪਹਿਲਾਂ ਦੇ ਏਜੰਡੇ ਅਧੀਨ ਨਹੀਂ ਆਈਆਂ ਸਨ, ਜਿਸ ਵਿਚ ਸਟਾਫ਼ ਨੂੰ ਘੱਟੋ-ਘੱਟ 4 ਫ਼ੀਸਦੀ ਦੀ ਪੇਸ਼ਕਸ਼ ਕੀਤੀ ਗਈ ਸੀ। ਸਰਕਾਰ ਵਲੋਂ ਮਾਰਚ ਵਿਚ ਘੋਸ਼ਣਾ ਕੀਤੀ ਗਈ ਸੀ ਕਿ ਨਰਸਾਂ, ਪੈਰਾ ਮੈਡੀਕਲ ਅਤੇ ਘਰੇਲੂ ਸਟਾਫ਼ ਉਨ੍ਹਾਂ ਕਾਮਿਆਂ 'ਚ ਸਨ, ਜੋ ਆਪਣੀ ਤਨਖ਼ਾਹ 'ਚ ਵਾਧਾ ਪ੍ਰਾਪਤ ਕਰ ਸਕਦੇ ਹਨ। ਇਸ ਦੇ ਇਲਾਵਾ ਸਾਰੇ ਸਿਹਤ ਅਤੇ ਸਮਾਜਿਕ ਦੇਖਭਾਲ ਕਾਮਿਆਂ ਲਈ 500 ਪੌਂਡ ਦਾ "ਧੰਨਵਾਦ" ਭੁਗਤਾਨ ਵੀ ਕੀਤਾ ਗਿਆ ਸੀ, ਜਿਸਦੀ ਘੋਸ਼ਣਾ ਨਵੰਬਰ ਵਿਚ ਫਸਟ ਮਨਿਸਟਰ ਨਿਕੋਲਾ ਸਟਰਜਨ ਵਲੋਂ ਕੀਤੀ ਗਈ ਸੀ।


author

Tanu

Content Editor

Related News