ਸਕਾਟਲੈਂਡ ਵਾਸੀ ਮਹੀਨੇ ਦੇ ਅਖੀਰ ''ਚ ਬ੍ਰਿਟੇਨ ਦੇ ਹੋਰ ਹਿੱਸਿਆਂ ''ਚ ਕਰ ਸਕਣਗੇ ਯਾਤਰਾ: ਨਿਕੋਲਾ ਸਟਰਜਨ
Wednesday, Apr 14, 2021 - 01:05 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਸਰਕਾਰ ਕੋਰੋਨਾ ਵਾਇਰਸ ਤਾਲਾਬੰਦੀ ਦੀਆਂ ਪਾਬੰਦੀਆਂ ਵਿਚ ਪੜਾਅਵਾਰ ਢਿੱਲ ਦੇ ਰਹੀ ਹੈ। ਇਸੇ ਢਿੱਲ ਦੀ ਲੜੀ ਤਹਿਤ ਨਿਕੋਲਾ ਸਟਰਜਨ ਅਨੁਸਾਰ ਸਰਕਾਰ ਦੋ ਹਫ਼ਤਿਆਂ ਦੇ ਅੰਦਰ ਇੰਗਲੈਂਡ ਅਤੇ ਵੇਲਜ਼ ਲਈ ਯਾਤਰਾ ਪਾਬੰਦੀਆਂ ਹਟਾਉਣ ਦੀ ਇੱਛਾ ਰੱਖਦੀ ਹੈ।
ਫਸਟ ਮਨਿਸਟਰ ਨੇ ਕਿਹਾ ਕਿ ਉਹ 26 ਅਪ੍ਰੈਲ ਨੂੰ ਯਾਤਰਾ 'ਤੇ ਲੱਗੀ ਰੋਕ ਨੂੰ ਹਟਾਏ ਜਾਣ ਦਾ ਇਰਾਦਾ ਰੱਖਦੀ ਹੈ। ਯਾਤਰਾ ਸਬੰਧੀ ਇਹ ਪਾਬੰਦੀਆਂ ਸਕਾਟਲੈਂਡ ਦੇ ਅੰਦਰ ਅਤੇ ਯੂਕੇ ਦੇ ਹੋਰ ਹਿੱਸਿਆਂ ਵਿਚ ਕੋਵਿਡ ਦੇ ਫੈਲਾਅ ਨੂੰ ਘੱਟ ਕਰਨ ਲਈ ਮੌਜੂਦਾ ਰਣਨੀਤੀ ਦਾ ਇਕ ਪ੍ਰਮੁੱਖ ਹਿੱਸਾ ਹਨ। ਇਸ ਸਬੰਧੀ ਸਟਰਜਨ ਨੇ ਘੋਸ਼ਣਾ ਕੀਤੀ ਕਿ ਲੋਕ ਸ਼ੁੱਕਰਵਾਰ ਤੋਂ ਸਕਾਟਲੈਂਡ ਦੇ ਹੋਰਨਾਂ ਹਿੱਸਿਆਂ ਵਿਚ ਸੀਮਤ ਗਿਣਤੀ ਦੇ ਬਾਹਰਲੇ ਹੋਰ ਲੋਕਾਂ ਨਾਲ ਮੁਲਾਕਾਤ ਕਰਨ ਦੇ ਯੋਗ ਹੋਣਗੇ।
ਇਸਦੇ ਇਲਾਵਾ 26 ਅਪ੍ਰੈਲ ਤੋਂ ਸਕਾਟਲੈਂਡ ਦੇ ਲੋਕ ਬ੍ਰਿਟੇਨ ਵਿਚ ਕਿਤੇ ਵੀ ਯਾਤਰਾ ਕਰ ਸਕਣਗੇ ਅਤੇ 26 ਅਪ੍ਰੈਲ ਤੋਂ ਪਹਿਲਾਂ ਉੱਤਰੀ ਆਇਰਲੈਂਡ ਦੀ ਯਾਤਰਾ ਬਾਰੇ ਸਰਕਾਰ ਦੁਆਰਾ ਸਮੀਖਿਆ ਕੀਤੀ ਜਾਵੇਗੀ। ਸਟਰਜਨ ਅਨੁਸਾਰ ਸ਼ੁੱਕਰਵਾਰ ਤੋਂ ਲੋਕ ਸਮਾਜਕ ਤਾਲਮੇਲ, ਮਨੋਰੰਜਨ ਜਾਂ ਕਸਰਤ ਦੇ ਉਦੇਸ਼ਾਂ ਲਈ ਆਪਣੇ ਸਥਾਨਕ ਖੇਤਰ ਨੂੰ ਛੱਡ ਸਕਣਗੇ ਅਤੇ ਇਕੱਠ ਦੇ ਨਿਯਮਾਂ ਵਿਚ ਵੀ ਢਿੱਲ ਦਿੱਤੀ ਜਾਵੇਗੀ, ਜਿਸ ਵਿਚ ਛੇ ਤੋਂ ਵੱਧ ਪਰਿਵਾਰਾਂ ਦੇ ਛੇ ਬਾਲਗ ਬਾਹਰ ਮਿਲ ਸਕਦੇ ਹਨ। ਸਕਾਟਲੈਂਡ ਦੀ ਮੌਜੂਦਾ ਤਾਲਾਬੰਦੀ ਢਿੱਲ ਯੋਜਨਾ 26 ਅਪ੍ਰੈਲ ਨੂੰ ਦੁਕਾਨਾਂ, ਜਿੰਮ, ਲਾਇਬ੍ਰੇਰੀਆਂ ਅਤੇ ਅਜਾਇਬ ਘਰ ਦੇ ਨਾਲ-ਨਾਲ ਕੈਫੇ, ਰੈਸਟੋਰੈਂਟ ਅਤੇ ਬੀਅਰ ਬਾਰ ਆਦਿ ਖੋਲ੍ਹਣ ਦੀ ਆਗਿਆ ਵੀ ਦੇਵੇਗੀ।