ਸਾਂਸਦਾਂ ਵੱਲੋਂ ਕੀਤੇ ਯੌਨ ਸ਼ੋਸ਼ਣ ਦੇ ਮਾਮਲੇ ''ਚ ਮੌਰੀਸਨ ਦਾ ਲੋਕਾਂ ਨੂੰ ਭਰੋਸਾ, ਹੋਵੇਗੀ ਸਖ਼ਤ ਕਾਰਵਾਈ

Tuesday, Mar 23, 2021 - 05:38 PM (IST)

ਸਾਂਸਦਾਂ ਵੱਲੋਂ ਕੀਤੇ ਯੌਨ ਸ਼ੋਸ਼ਣ ਦੇ ਮਾਮਲੇ ''ਚ ਮੌਰੀਸਨ ਦਾ ਲੋਕਾਂ ਨੂੰ ਭਰੋਸਾ, ਹੋਵੇਗੀ ਸਖ਼ਤ ਕਾਰਵਾਈ

ਸਿਡਨੀ (ਬਿਊਰੋ): ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੰਸਦ ਹਾਊਸ ਵਿਚ ਆਪਣੇ ਭਾਸ਼ਣ ਵਿਚ ਕਿਹਾ ਕਿ ਉਨ੍ਹਾਂ ਨੂੰ ਦੁੱਖ ਹੈ ਕਿ ਉਨ੍ਹਾਂ ਦੇ ਵਿਰੋਧੀ ਜਾਂ ਫਿਰ ਕੁਝ ਔਰਤਾਂ ਇਹ ਸੋਚਦੀਆਂ ਹਨ ਕਿ ਉਹ ਉਨ੍ਹਾਂ ਪ੍ਰਤੀ ਹੋ ਰਹੇ ਗਲਤ ਕੰਮਾਂ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ ਅਤੇ ਪਾਰਲੀਮੈਂਟ ਵਿਚ ਚੱਲ ਰਹੇ ‘ਸੈਕਸ ਰੈਕਟ’ 'ਤੇ ਵੀ ਚੁੱਪੀ ਸਾਧੇ ਹੋਏ ਹਨ ਅਤੇ ਮੌਜੂਦਾ ਹਾਲਾਤਾਂ ਨੂੰ ਵੀ ਬਦਲਣਾ ਨਹੀਂ ਚਾਹੁੰਦੇ। ਮੌਰੀਸਨ ਨੇ ਕਿਹਾ ਕਿ ਅਸਲ ਵਿਚ ਅਜਿਹਾ ਕੁਝ ਵੀ ਨਹੀਂ ਹੈ ਅਤੇ ਉਹ ਲਗਾਤਾਰ ਮਿਲ ਰਹੀਆਂ ਖ਼ਬਰਾਂ ਤੋਂ ਬਹੁਤ ਜ਼ਿਆਦਾ ਦੁਖੀ ਅਤੇ ਸਦਮੇ ਵਿਚ ਹਨ ਕਿ ਆਸਟ੍ਰੇਲੀਆ ਵਰਗੇ ਦੇਸ਼ ਦੀ ਸੰਸਦ ਵਿਚ ਅਜਿਹੇ ਘਿਨੌਣੇ ਕਾਰਨਾਮੇ ਕੀਤੇ ਜਾ ਰਹੇ ਹਨ ਪਰ ਉਹ ਵਿਸ਼ਵਾਸ਼ ਦਿਵਾਉਂਦੇ ਹਨ ਕਿ ਇਸ ਸਭ ਦੀ ਪੜਤਾਲ ਜਾਰੀ ਹੈ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਤੋਂ ਵੱਧ ਸ਼ਰਮ ਵਾਲੀ ਗੱਲ ਨਹੀਂ ਹੋ ਸਕਦੀ ਹੈ ਕਿ ਸਾਡੀ ਇਸ ਸੰਸਦ ਵਿਚਲੇ ਆਪਣੇ ਹੀ ਸਹਿਯੋਗੀ, ਅਜਿਹੇ ਕਾਰਨਾਮੇ ਕਰ ਹੀ ਨਹੀਂ ਰਹੇ ਹਨ ਸਗੋਂ ਉਨ੍ਹਾਂ ਦੀਆਂ ਵੀਡੀਓ ਬਣਾ ਕੇ ਰਿਕਾਰਡ ਵੀ ਰੱਖ ਰਹੇ ਹਨ। ਅਜਿਹੀਆਂ ਹੀ ਵੀਡੀਓ ਉਨ੍ਹਾਂ ਦੇ ਹੱਥ ਲੱਗੀਆਂ ਹਨ ਅਤੇ ਹੁਣ ਇਨ੍ਹਾਂ ਦੀ ਜਾਂਚ ਚੱਲ ਰਹੀ ਹੈ। ਇੱਕ ਅਜਿਹੇ ਹੀ ਦੋਸ਼ੀ ਕਰਮਚਾਰੀ ਨੂੰ ਫੜ ਲਿਆ ਗਿਆ ਹੈ ਜੋ ਕਿ ਇੱਕ ਐਮ.ਪੀ. ਲਈ ਕੰਮ ਕਰਦਾ ਸੀ ਅਤੇ ਉਸੇ ਐਮ.ਪੀ. ਦੇ ਡੈਸਕ 'ਤੇ ਹੀ ਅਜਿਹੀਆਂ ਕਾਰਵਾਈਆਂ ਕਰਕੇ ਉਸ ਦੀਆਂ ਵੀਡੀਓ ਵੀ ਬਣਾ ਰਿਹਾ ਸੀ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਸਾਂਸਦਾਂ ਵੱਲੋਂ ਕੀਤੇ ਯੌਨ ਸ਼ੋਸ਼ਣ ਦਾ ਮੁੱਦਾ ਭੱਖਿਆ, ਵਿਰੋਧ 'ਚ ਸੜਕਾਂ 'ਤੇ ਆਏ ਲੋਕ

ਉਸ ਕਰਮਚਾਰੀ ਨੂੰ ਤੁਰੰਤ ਬਰਖ਼ਾਸਤ ਕਰਕੇ ਉਸ ਤੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਤਾਂ ਕਿ ਅਜਿਹੇ ਕਾਰਨਾਮਿਆਂ ਵਿਚ ਸ਼ਾਮਲ ਹੋਰਾਂ ਨੂੰ ਵੀ ਸਭ ਦੇ ਸਾਹਮਣੇ ਲਿਆ ਕੇ ਸਜ਼ਾ ਲਈ ਪੇਸ਼ ਕੀਤਾ ਜਾ ਸਕੇ। ਮੌਰੀਸਨ ਨੇ ਕਿਹਾ ਕਿ ਇਹ ਸਭ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੈ ਅਤੇ ਉਹ ਇਸ ਤੋਂ ਇਲਾਵਾ ਇਸ ਲਈ ਕੋਈ ਹੋਰ ਸ਼ਬਦ ਵਰਤ ਹੀ ਨਹੀਂ ਸਕਦੇ। ਉਨ੍ਹਾਂ ਨੇ ਕਿਹਾ ਕਿ ਇਸ ਸਭ ਨੂੰ ਠੀਕ ਕਰਨ ਅਤੇ ਸੰਸਦ ਦੀ ਗਰਿਮਾ ਨੂੰ ਬਹਾਲ ਕਰਨ ਦਾ ਸਮਾਂ ਆ ਗਿਆ ਹੈ ਅਤੇ ਉਹ ਇਹ ਕੰਮ ਕਰ ਕੇ ਹੀ ਦਮ ਲੈਣਗੇ।
 


author

Vandana

Content Editor

Related News