ਸਕਾਟਲੈਂਡ ਸਰਕਾਰ ਟੈਕਸੀ ਡਰਾਈਵਰਾਂ ਤੇ ਹੋਰ ਕਾਰੋਬਾਰਾਂ ਨੂੰ ਦੇਵੇਗੀ 185 ਮਿਲੀਅਨ ਪੌਂਡ ਦਾ ਫੰਡ
Thursday, Dec 10, 2020 - 04:39 PM (IST)
ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਕਈ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ ਕੋਰੋਨਾ ਰਾਹਤ ਫੰਡ ਦੀ ਘੋਸ਼ਣਾ ਕੀਤੀ ਹੈ, ਜਿਸ ਦੇ ਤਹਿਤ ਵਿੱਤ ਸਕੱਤਰ ਕੇਟ ਫੋਰਬਜ਼ ਦੁਆਰਾ ਕਾਰੋਬਾਰਾਂ ਲਈ 185 ਮਿਲੀਅਨ ਪੌਂਡ ਦੇ ਸਹਾਇਤਾ ਪੈਕੇਜ ਦਾ ਖੁਲਾਸਾ ਕੀਤਾ ਗਿਆ ਹੈ।
ਇਸ ਨਵੀ ਯੋਜਨਾ ਅਧੀਨ 19 ਮਿਲੀਅਨ ਪੌਂਡ ਦੇ ਫੰਡ ਵਿਚ ਟੈਕਸੀ ਡਰਾਈਵਰ ਇਕ ਵਾਰ ਦੀ ਗ੍ਰਾਂਟ ਸਕੀਮ ਲਈ ਅਪਲਾਈ ਕਰਨ ਦੇ ਯੋਗ ਹੋਣਗੇ, ਜਦੋਂ ਕਿ 15 ਲੱਖ ਪੌਂਡ ਦੀ ਰਾਸ਼ੀ ਹੇਅਰ ਡ੍ਰੈਸਰਾਂ ਆਦਿ ਲਈ ਉਪਲੱਬਧ ਹੋਵੇਗੀ। ਇਸ ਦੇ ਨਾਲ ਹੀ ਵਿਆਹ ਉਦਯੋਗ ਅਤੇ ਇਸ ਨਾਲ ਸੰਬੰਧਿਤ ਹੋਰ ਕਾਰੋਬਾਰੀਆਂ ਜਿਵੇਂ ਕਿ ਸਪਲਾਈ ਚੇਨ, ਪ੍ਰਹੁਣਚਾਰੀ, ਸੈਰ-ਸਪਾਟਾ ਆਦਿ ਲਈ ਵੀ 15 ਮਿਲੀਅਨ ਪੌਂਡ ਦਾ ਕੋਟਾ ਰੱਖਿਆ ਗਿਆ ਹੈ। ਵਿੱਤ ਸਕੱਤਰ ਦੇ ਐਲਾਨ ਅਨੁਸਾਰ ਕੋਚ ਕੰਪਨੀਆਂ ਲਈ ਲਗਭਗ 6 ਮਿਲੀਅਨ, ਟ੍ਰੈਵਲ ਏਜੰਟਾਂ ਲਈ 5 ਮਿਲੀਅਨ ਅਤੇ ਸੈਲਾਨੀਆਂ ਦੇ ਆਕਰਸ਼ਣ ਦੀਆਂ ਥਾਵਾਂ ਲਈ 1.5 ਮਿਲੀਅਨ ਪੌਂਡ ਦੇ ਨਾਲ ਸੈਰ-ਸਪਾਟੇ ਲਈ 60 ਮਿਲੀਅਨ ਪੌਂਡ ਦਾ ਹੋਰ ਫੰਡ ਵੀ ਅਲਾਟ ਕੀਤਾ ਗਿਆ ਹੈ।
ਇਹ ਕਾਰੋਬਾਰੀ ਸਹਾਇਤਾ ਸਕਾਟਲੈਂਡ ਦੀ ਸਰਕਾਰ ਦੁਆਰਾ ਦਿੱਤੇ ਗਏ 1.8 ਬਿਲੀਅਨ ਪੌਂਡ ਦੇ ਬਜਟ ਦਾ ਹਿੱਸਾ ਹੈ, ਜਿਸ ਵਿੱਚ ਸਿਹਤ ਅਤੇ ਸਮਾਜਿਕ ਦੇਖਭਾਲ ਲਈ 600 ਮਿਲੀਅਨ ਪੌਂਡ ਵੀ ਸ਼ਾਮਲ ਸ਼ਾਮਲ ਹਨ।ਇਸਦੇ ਇਲਾਵਾ ਪਹਿਲੀ ਮੰਤਰੀ ਨਿਕੋਲਾ ਸਟਰਜਨ ਦੁਆਰਾ ਐਲਾਨੀ ਗਈ 500 ਪੌਂਡ ਦੀ "ਧੰਨਵਾਦ" ਰਾਸ਼ੀ ਵੀ ਇਸ ਫੰਡ ਵਿਚ ਸ਼ਾਮਲ ਹੈ।