ਦੋ ਭਾਰਤੀਆਂ ਦੀ ਰਿਹਾਈ ਲਈ ਸੜਕ ’ਤੇ ਉਤਰਿਆ ਸਕਾਟਲੈਂਡ, 8 ਘੰਟੇ ਪੁਲਸ ਦੀ ਗੱਡੀ ਕੀਤੀ ਜਾਮ (ਵੀਡੀਓ)
Saturday, May 15, 2021 - 04:38 PM (IST)
ਇੰਟਰਨੈਸ਼ਨਲ ਡੈਸਕ : ਸਕਾਟਲੈਂਡ ’ਚ ਦੋ ਭਾਰਤੀਆਂ ਨੂੰ ਲੈ ਕੇ ਜੰਮ ਕੇ ਹੰਗਾਮਾ ਦੇਖਣ ਨੂੰ ਮਿਲਿਆ। ਇਥੋਂ ਦੇ ਸਰਹੱਦੀ ਫੋਰਸ ਦੇ ਅਧਿਕਾਰੀਆਂ ਨੇ ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਇਮੀਗ੍ਰੇਸ਼ਨ ਸਬੰਧੀ ਨਿਯਮਾਂ ਦੀ ਉਲੰਘਣਾ ਦੇ ਸ਼ੱਕ ’ਚ ਦੋ ਭਾਰਤੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ ਪਰ ਸਥਾਨਕ ਲੋਕਾਂ ਨੇ ਸੜਕ ਜਾਮ ਕਰ ਕੇ ਤਕਰੀਬਨ 8 ਅੱਠ ਘੰਟੇ ਤਕ ਫੋਰਸ ਦੀ ਗੱਡੀ ਨੂੰ ਉਥੋਂ ਜਾਣ ਨਹੀਂ ਦਿੱਤਾ, ਜਿਸ ਕਾਰਨ ਦੋਵਾਂ ਨੂੰ ਰਿਹਾਅ ਕਰਨਾ ਪਿਆ।
Nothing is more beautiful than solidarity.
— Zarah Sultana MP (@zarahsultana) May 13, 2021
In response to a Home Office immigration raid during Eid, the people of Glasgow mobilised, fought back and got their neighbours released 💕pic.twitter.com/OnQscqN6Dr
ਦੋਵਾਂ ਭਾਰਤੀਆਂ ਦੀ ਪਛਾਣ ਸ਼ੈੱਫ ਸੁਮਿਤ ਸਹਿਦੇਵ ਤੇ ਮਕੈਨਿਕ ਲਖਵੀਰ ਦੇ ਤੌਰ ’ਤੇ ਹੋਈ ਹੈ, ਜੋ ਖਬਰਾਂ ਅਨੁਸਾਰ ਪਿਛਲੇ 10 ਸਾਲਾਂ ਤੋਂ ਬ੍ਰਿਟੇਨ ’ਚ ਰਹਿ ਰਹੇ ਹਨ। ਯੂ. ਕੇ. ਇਮੀਗ੍ਰੇਸ਼ਨ ਇਨਫੋਰਸਮੈਂਟ ਦੇ ਛੇ ਅਧਿਕਾਰੀਆਂ ਨੇ ਸਕਾਟਲੈਂਡ ਪੁਲਸ ਦੀ ਮਦਦ ਨਾਲ ਗਲਾਸਗੋ ’ਚ ਵੀਰਵਾਰ ਨੂੰ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਤੋਂ ਕੱਢ ਕੇ ਵੈਨ ’ਚ ਬਿਠਾਇਆ ਤੇ ਹਿਰਾਸਤ ਕੇਂਦਰ ਲਈ ਲਿਜਾਣ ਲੱਗੇ ਪਰ ਸਾਰੇ ਪ੍ਰਦਰਸ਼ਨਕਾਰੀਆਂ ਦਾ ਵੱਡਾ ਸਮੂਹ ਇਕੱਠਾ ਹੋ ਗਿਆ ਤੇ ਉਨ੍ਹਾਂ ਨੂੰ ਛੱਡਣ ਦੀ ਮੰਗ ਕਰਨ ਲੱਗਾ। ਪਾਕਿਸਤਾਨੀ ਮੂਲ ਦੇ ਮਨੁੱਖੀ ਅਧਿਕਾਰ ਵਕੀਲ ਆਮੇਰ ਅਨਵਰ ਨੇ ਆਈ. ਟੀ. ਵੀ. ਨਿਊਜ਼ ’ਚ ਕਿਹਾ ਕਿ ਈਦ ਦੇ ਦਿਨ ਹੋਮ ਆਫਿਸ ਵੱਲੋਂ ਕੀਤੀ ਗਈ ਇਹ ਇਕ ਨਿੰਦਾ ਵਾਲੀ ਤੇ ਉਕਸਾਉਣ ਵਾਲੀ ਕਾਰਵਾਈ ਹੈ।
ਅਸਲ ’ਚ ਉਨ੍ਹਾਂ ਨੂੰ ਇਨ੍ਹਾਂ ਲੋਕਾਂ ਦੇ ਜੀਵਨ ਦੀ ਕੋਈ ਫਿਕਰ ਨਹੀਂ ਹੈ ਪਰ ਗਲਾਸਗੋ ਦੇ ਲੋਕਾਂ ਨੂੰ ਇਨ੍ਹਾਂ ਦੀ ਫਿਕਰ ਹੈ। ਉਨ੍ਹਾਂ ਕਿਹਾ ਕਿ ਇਹ ਸ਼ਹਿਰ ਸ਼ਰਨਾਰਥੀਆਂ ਦੇ ਸਹਿਯੋਗ ਨਾਲ ਬਣਿਆ ਹੈ। ਜਿਨ੍ਹਾਂ ਲੋਕਾਂ ਨੇ ਇਸ ਸ਼ਹਿਰ ਨੂੰ ਬਣਾਉਣ ਲਈ ਆਪਣਾ ਖੂਨ ਪਸੀਨਾ ਤੇ ਹੰਝੂ ਵਹਾਏ ਹਨ, ਅਸੀਂ ਇਨ੍ਹਾਂ ਲੋਕਾਂ ਨਾਲ ਖੜ੍ਹੇ ਹਾਂ।
ਲਖਵੀਰ ਸਿੰਘ ਨੇ ਪੰਜਾਬੀ ’ਚ ਗੱਲ ਕਰਦਿਆਂ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਹੈ, ਉਨ੍ਹਾਂ ਨੂੰ ਡਰ ਹੋਵੇਗਾ ਕਿ ਹੁਣ ਕੀ ਹੋਵੇਗਾ ਤੇ ਉਨ੍ਹਾਂ ਨੇ ਗੁਆਂਢੀਆਂ ਦੇ ਸਮਰਥਨ ਲਈ ਧੰਨਵਾਦ ਵੀ ਕੀਤਾ ਹੈ। ‘ਦਿ ਇੰਡੀਪੈਂਡੈਂਟ’ ਦੀ ਖਬਰ ਅਨੁਸਾਰ ਗਲਾਸਗੋ ਦੇ ਪੋਲੋਕਸ਼ੀਲਜ਼ ਖੇਤਰ ’ਚ ਸੈਂਕੜੇ ਸਥਾਨਕ ਲੋਕਾਂ ਨੇ ਦੋਵਾਂ ਭਾਰਤੀਆਂ ਨੂੰ ਲਿਜਾ ਰਹੀ ਬਾਰਡਰ ਏਜੰਸੀ ਦੀ ਵੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
ਸਕਾਟਲੈਂਡ ਦੇ ਇਕ ਸਥਾਨਕ ਸਮਾਚਾਰ ਪੱਤਰ ਨੇ ਦੱਸਿਆ ਕਿ ਪ੍ਰਦਰਸ਼ਨਕਾਰੀ ਉਥੇ, ‘‘ਸਾਡੇ ਗੁਆਂਢੀਆਂ ਨੂੰ ਛੱਡ ਦਿਓ, ਉਨ੍ਹਾਂ ਨੂੰ ਜਾਣ ਦਿਓ ਤੇ ਪੁਲਸ ਕਰਮਚਾਰੀਓ ਘਰ ਜਾਓ’ ਦੇ ਨਾਅਰੇ ਲਾਉਂਦੇ ਸੁਣਾਈ ਦਿੱਤੇ।
ਅਧਿਕਾਰੀਆਂ ਨੇ ਕਿਹਾ ਕਿ ਉਹ ਗਲਾਸਗੋ ’ਚ ਹੋਏ ਵਿਰੋਧ ਤੋਂ ਬਾਅਦ ਸਾਰਿਆਂ ਦੀ ਸੁਰੱਖਿਆ ਯਕੀਨੀ ਕਰਨ ਲਈ ਇਨ੍ਹਾਂ ਦੋਵਾਂ ਲੋਕਾਂ ਨੂੰ ਛੱਡ ਰਹੇ ਹਨ। ਪ੍ਰਦਰਸ਼ਨ ਤੋਂ ਬਾਅਦ ਸਕਾਟਲੈਂਡ ਦੀ ਪ੍ਰਧਾਨ ਮੰਤਰੀ ਨਿਕੋਲਾ ਸਟਰਜਨ ਨੇ ਹੋਮ ਆਫਿਸ ’ਚ ਖਤਰਨਾਕ ਤੇ ਨਾਮਨਜ਼ੂਰ ਹਾਲਾਤ ਪੈਦਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਈਦ ਦੇ ਦਿਨ ਕੋਵਿਡ 19 ਦੇ ਕਹਿਰ ਵਿਚਾਲੇ ਇਸ ਤਰ੍ਹਾਂ ਕਰਨਾ....ਪਰ ਇਸ ਤੋਂ ਵੀ ਵੱਡੀ ਸਮੱਸਿਆ ਖਤਰਨਾਕ ਪਨਾਹ ਤੇ ਇਮੀਗ੍ਰੇਸ਼ਨ ਨੀਤੀ ਦੀ ਹੈ।