ਅਧਿਐਨ ''ਚ ਦਾਅਵਾ, ਬਹੁਮੰਜ਼ਿਲਾ ਇਮਾਰਤਾਂ ''ਚ ਰਹਿਣ ਵਾਲਿਆਂ ਨੂੰ ਕੋਰੋਨਾ ਇਨਫੈਕਸ਼ਨ ਦਾ ਖਤਰਾ ਜ਼ਿਆਦਾ

Monday, Jul 20, 2020 - 06:21 PM (IST)

ਈਡਨਬਰਗ (ਬਿਊਰੋ): ਗਲੋਬਲ ਪੱਧਰ 'ਤੇ ਫੈਲੀ ਕੋਰੋਨਾਵਾਇਰਸ ਮਹਾਮਾਰੀ ਤੋਂ ਬਚਾਅ ਲਈ ਬਹੁਤ ਸਾਰੇ ਉਪਾਅ ਦੱਸੇ ਗਏ ਹਨ। ਹੁਣ ਇਕ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਉੱਚੀਆਂ ਇਮਾਰਤਾਂ ਵਿਚ ਰਹਿਣ ਵਾਲਿਆਂ ਦਾ ਕੋਰੋਨਾਵਾਇਰਸ ਨਾਲ ਪੀੜਤ ਹੋਣ ਦਾ ਖਦਸ਼ਾ ਜ਼ਿਆਦਾ ਹੈ। ਕਿਉਂਕਿ ਉਹਨਾਂ ਨੂੰ ਇਕ ਜਗ੍ਹਾ ਤੋਂ ਪਾਣੀ ਦੀ ਸਪਲਾਈ ਹੁੰਦੀ ਹੈ। ਇਮਾਰਤ ਦੇ ਪਾਣੀ ਅਤੇ ਸੀਵਰੇਜ ਸਪਲਾਈ ਸਿਸਟਮ ਨਾਲ ਕੋਰੋਨਾ ਦੇ ਫੈਲਣ ਦਾ ਖਤਰਾ ਜ਼ਿਆਦਾ ਹੈ। ਇਸ ਸਬੰਧੀ ਖੁਲਾਸਾ ਸਕਾਟਲੈਂਡ ਦੀ ਹੈਰੀਯਟ ਵਾਟ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕੀਤਾ ਹੈ।

ਹੈਰੀਯਟ ਵਾਟ ਯੂਨੀਵਰਸਿਟੀ ਵਿਚ ਵਾਟਰ ਅਕੈਡਮੀ ਦੇ ਡਾਇਰੈਕਟਰ ਮਾਈਕਲ ਗੌਰਮਲੇ ਨੇ ਕਿਹਾ ਕਿ ਵੱਡੀਆਂ ਅਤੇ ਉੱਚੀਆਂ ਇਮਾਰਤਾਂ ਵਿਚ ਰਹਿਣ ਵਾਲਿਆਂ ਦੇ ਲਈ ਕੋਰੋਨਾਵਾਇਰਸ ਨਾਲ ਪੀੜਤ ਹੋਣ ਦਾ ਖਤਰਾ ਜ਼ਿਆਦਾ ਹੈ ਕਿਉਂਕਿ ਉੱਥੇ ਪਾਣੀ ਦੀ ਸਪਲਾਈ ਇਕੋ ਜਗ੍ਹਾ ਤੋਂ ਹੁੰਦੀ ਹੈ। ਇਹੀ ਖਤਰਾ ਹਸਪਤਾਲਾਂ ਵਿਚ ਭਰਤੀ ਲੋਕਾਂ ਦੇ ਲਈ ਵੀ ਹੈ। ਯੂਨੀਵਰਸਲ ਸਾਈਂਸ ਡਾਟ ਕਾਮ ਵਿਚ ਪ੍ਰਕਾਸ਼ਿਤ ਖਬਰ ਦੇ ਮੁਤਾਬਕ ਇਨਸਾਨਾਂ ਤੋਂ ਇਨਸਾਨਾਂ ਵਿਚ ਇਨਫੈਕਸ਼ਨ ਫੈਲਣਾ ਸਧਾਰਨ ਗੱਲ ਹੈ ਪਰ ਪਾਣੀ ਸਪਲਾਈ ਦੇ ਜ਼ਰੀਏ ਕੋਰੋਨਾਵਾਇਰਸ ਦਾ ਇਨਫੈਕਸ਼ਨ ਫੈਲਣਾ ਇਕ ਅਸਧਾਰਨ ਪਰ ਸੰਭਵ ਹੋ ਸਕਣ ਵਾਲੀ ਗੱਲ ਹੈ। 

 

ਮਾਈਕਲ ਗੌਰਮਲੇ ਨੇ ਕਿਹਾ ਕਿ ਜੇਕਰ ਕਿਸੇ ਇਮਾਰਤ ਦੇ ਪਲੰਬਿੰਗ ਸਿਸਟਮ ਵਿਚ ਵਾਇਰਸ ਦਾ ਇਨਫੈਕਸ਼ਨ ਫੈਲਦਾ ਹੈ ਤਾਂ ਇਹ ਮੁਸ਼ਕਲ ਵਾਲੀ ਗੱਲ ਹੋਵੇਗੀ। ਮਾਈਕਲ ਨੇ ਦੱਸਿਆ ਕਿ ਸਾਲ 2003 ਵਿਚ ਹਾਂਗਕਾਂਗ ਦੇ ਐਮੌਏ ਗਾਰਡੇਨਜ਼ ਨਾਮ ਦੀ ਇਮਾਰਤ ਵਿਚ ਸਾਰਸ ਵਾਇਰਸ ਇੰਝ ਹੀ ਫੈਲਿਆ ਸੀ। ਐਮੌਏ ਗਾਰਡੇਨਜ਼ ਵਿਚ 33 ਤੋਂ 41 ਮੰਜ਼ਿਲਾ ਦੀਆਂ ਕਈ ਇਮਾਰਤਾਂ ਸਨ। ਇਹਨਾਂ ਵਿਚ ਕਰੀਬ 19 ਹਜ਼ਾਰ ਲੋਕ ਰਹਿੰਦੇ ਸਨ। ਜਦੋਂ ਸਾਰਸ ਵਾਇਰਸ ਤੇਜ਼ੀ ਨਾਲ ਫੈਲਿਆ ਤਾਂ ਇਹਨਾਂ ਇਮਾਰਤਾਂ ਵਿਚ ਰਹਿਣ ਵਾਲੇ ਲੋਕਾਂ ਵਿਚੋਂ 300 ਲੋਕ ਪੀੜਤ ਹੋ ਗਏ ਜਦਕਿ 42 ਲੋਕਾਂ ਦੀ ਮੌਤ ਹੋ ਗਈ। ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਮੁਤਾਬਕ ਐਮੌਏ ਗਾਰਡੇਨਜ਼ ਵਿਚ ਸਾਰਸ ਮਹਾਮਾਰੀ ਪਾਣੀ ਦੀ ਸਪਲਾਈ ਵਾਲੀ ਪਾਈਪਲਾਈਨ ਦੇ ਜ਼ਰੀਏ ਫੈਲਿਆ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਸਿੰਕ ਅਤੇ ਟਾਇਲਟ ਵਿਚ ਯੂ ਆਕਾਰ ਦੀ ਪਾਈਪ ਲੱਗੀ ਰਹਿੰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਸੰਕਟ ਨਾਲ ਨਜਿੱਠਣ ਲਈ ਆਸਟ੍ਰੇਲੀਆਈ ਸਰਕਾਰ ਨੇ 'ਕਰਜ਼ ਯੋਜਨਾ' ਦਾ ਕੀਤਾ ਵਿਸਥਾਰ

ਇਹਨਾਂ ਪਾਈਪਾਂ ਵਿਚ ਜਮਾਂ ਹੋਣ ਵਾਲੇ ਪਾਣੀ ਵਿਚ ਏਅਰਬੋਰਨ ਡਿਜੀਜ਼ ਪੈਦਾ ਹੋ ਜਾਂਦੇ ਹਨ। ਸੀਵਰੇਜ ਤੋਂ ਨਿਕਲੇ ਸਾਰਸ ਦੇ ਵਾਇਰਸ ਇਮਾਰਤਾਂ ਦੇ ਇਹਨਾਂ ਯੂ ਆਕਾਰ ਪਾਈਪ ਵਿਚ ਜਾ ਕੇ ਬੈਠ ਗਏ ਜਦੋਂ ਪਾਣੀ ਦੀ ਸਪਲਾਈ ਹੋਈ ਤਾਂ ਬਹੁਤ ਸਾਰੇ ਲੋਕ ਬੀਮਾਰ ਪੈ ਗਏ। ਮਾਈਕਲ ਗੌਰਮਲੇ ਨੇ ਦੱਸਿਆ ਕਿ ਅਸੀਂ ਇਸ ਇਮਾਰਤ ਦਾ ਅਧਿਐਨ ਕਈ ਸਾਲਾਂ ਤੱਕ ਕੀਤਾ। ਅਸੀਂ ਦੋ ਇਮਾਰਤਾਂ ਦੀ ਵਾਟਰ ਸਪਲਾਈ ਲਾਈਨ ਅਤੇ ਸੀਵਰੇਜ ਲਾਈਨ ਦੀ ਜਾਂਚ ਕੀਤੀ ਤਾਂ ਇਹ ਨਤੀਜਾ ਕੱਢਿਆ। ਮਾਈਕਲ ਨੇ ਕਿਹਾ ਕਿ ਸਾਰਸ ਵਾਂਗ ਹੀ ਕੋਰੋਨਾਵਾਇਰਸ ਵੀ ਇਸੇ ਤਰ੍ਹਾਂ ਫੈਲ ਸਕਦਾ ਹੈ। ਕਿਉਂਕਿ ਜਦੋਂ ਵੀ ਯੂ ਆਕਾਰ ਪਾਈਪ ਨਾਲ ਹਵਾ ਟਕਰਾਉਂਦੀ ਹੈ ਤਾਂ ਉਸ ਵਿਚ ਮੌਜੂਦ ਵਾਇਰਸ ਪਾਣੀ ਦੀਆਂ ਛੋਟੀਆਂ ਬੂੰਦਾਂ ਦੇ ਜ਼ਰੀਏ ਵੀ ਬਾਹਰ ਨਿਕਲ ਕੇ ਇਨਫੈਕਸ਼ਨ ਫੈਲਾਉਂਦਾ ਹੈ। 

ਇਸ ਨਾਲ ਨਾ ਸਿਰਫ ਕੋਰੋਨਾਵਾਇਰਸ ਸਗੋਂ ਹੋਰ ਛੂਤਕਾਰੀ ਬੀਮਾਰੀਆਂ ਦੇ ਵੀ ਫੈਲਣ ਦਾ ਖਤਰਾ ਰਹਿੰਦਾ ਹੈ। ਮਾਈਕਲ ਨੇ ਦੱਸਿਆ ਕਿ ਜੇਕਰ ਬਾਥਰੂਮ ਵਿਚੋਂ ਬਦਬੂ ਆਵੇ ਤਾਂ ਤੁਰੰਤ ਪਾਈਪਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਕਦੇ ਵੀ ਟਾਇਲਟ ਦੀਆਂ ਯੂ ਆਕਾਰ ਦੀਆਂ ਪਾਈਆਂ ਨੂੰ ਖੁੱਲ੍ਹਾ ਨਾ ਛੱਡੋ। ਉਹਨਾਂ ਨੂੰ ਸੀਲਬੰਦ ਰਹਿਣ ਦਿਓ। ਜੇਕਰ ਪਾਈਪਲਾਈਨ ਵਿਚ ਕਿਤੇ ਕ੍ਰੈਕ ਜਾਂ ਦਰਾੜ ਦਿਸੇ ਤਾਂ ਉਸ ਨੂੰ ਤੁਰੰਤ ਬੰਦ ਕਰਵਾ ਦਿਓ। ਇਮਾਰਤਾਂ ਦੀ ਸੰਭਾਲ ਕਰਨ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਸਮੇਂ-ਸਮੇਂ 'ਤੇ ਪਾਈਪਾਂ ਦੀ ਜਾਂਚ ਕਰਵਾਉਣ। ਕੀਟਾਣੂਨਾਸ਼ਕਾਂ ਦਾ ਛਿੜਕਾਅ ਕਰਵਾਉਣ ਅਤੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਪਾਈਪਲਾਈਨਾਂ ਦੀ ਜਾਂਚ ਕਰਵਾਉਣ ਲਈ ਕਹਿਣ। 


Vandana

Content Editor

Related News