ਸਕਾਟਲੈਂਡ ''ਚ ਕੋਰੋਨਾ ਦੌਰਾਨ ਹਵਾ ਪ੍ਰਦੂਸ਼ਣ ਦੇ ਪੱਧਰ ''ਚ ਆਈ ਗਿਰਾਵਟ

01/18/2021 1:50:19 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਵਿਸ਼ਵ ਭਰ ਵਿਚ ਪ੍ਰਤੀ ਦਿਨ ਵੱਧ ਰਿਹਾ ਹਵਾ ਪ੍ਰਦੂਸ਼ਣ ਵਾਤਾਵਰਣ ਲਈ ਇਕ ਚਿੰਤਾ ਦਾ ਵਿਸ਼ਾ ਹੈ ਜੋ ਕਿ ਮਨੁੱਖਤਾ ਲਈ ਕਈ ਗੰਭੀਰ ਬੀਮਾਰੀਆਂ ਨੂੰ ਜਨਮ ਦਿੰਦਾ ਹੈ। ਸਕਾਟਲੈਂਡ ਵਿਚ ਵੀ ਹਵਾ ਪ੍ਰਦੂਸ਼ਣ ਦਾ ਮਿਆਰ ਹੋਰਾਂ ਦੇਸ਼ਾਂ ਦੀ ਤਰ੍ਹਾਂ ਆਮ ਤੌਰ 'ਤੇ ਸਰਕਾਰ ਦੁਆਰਾ ਨਿਰਧਾਰਿਤ ਪੱਧਰ ਤੋਂ ਜਿਆਦਾ ਹੀ ਰਹਿੰਦਾ ਹੈ ਪਰ ਪਿਛਲੇ ਸਾਲ 2020 ਵਿਚ ਸ਼ੁਰੂ ਹੋਈ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਕਾਰਨ ਵਾਤਾਵਰਣ ਮਾਹਿਰਾਂ ਅਨੁਸਾਰ ਸਕਾਟਲੈਂਡ ਵਿਚ ਹਵਾ ਪ੍ਰਦੂਸ਼ਣ ਪਹਿਲੀ ਵਾਰ ਕਾਨੂੰਨ ਦੁਆਰਾ ਨਿਰਧਾਰਿਤ ਸੀਮਾਵਾਂ ਵਿਚ ਰਿਹਾ ਹੈ। 


ਇਸ ਸੰਬੰਧੀ "ਫਰੈਂਡਜ਼ ਆਫ਼ ਦਿ ਅਰਥ ਸਕਾਟਲੈਂਡ" (ਐੱਫ. ਓ. ਈ. ਐੱਸ.) ਅਨੁਸਾਰ ਮਾਰਚ 2020 ਦੀ ਤਾਲਾਬੰਦੀ ਦੇ ਪ੍ਰਭਾਵ, ਪੂਰੇ ਸਾਲ ਲਈ ਸਮੁੱਚੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ  ਰੱਖਣ ਲਈ ਕਾਫੀ ਹੱਦ ਤੱਕ ਪ੍ਰਭਾਵਸ਼ਾਲੀ ਸਿੱਧ ਹੋਏ ਹਨ ਅਤੇ ਸੰਸਥਾ ਦੁਆਰਾ ਸਰਕਾਰ ਨੂੰ ਕੌਂਸਲਾਂ ਨਾਲ ਮਿਲ ਕੇ ਹਵਾ ਪ੍ਰਦੂਸ਼ਣ ਦੇ ਘੱਟ ਹੋਏ ਪੱਧਰ ਨੂੰ ਸਥਿਰ ਬਣਾਈ ਦੀ ਅਪੀਲ ਕੀਤੀ ਗਈ ਹੈ ਜਦਕਿ ਇਸ ਸੰਬੰਧੀ ਸਕਾਟਿਸ਼ ਸਰਕਾਰ ਅਨੁਸਾਰ ਹਵਾ ਦੀ ਗੁਣਵੱਤਾ ਵਿਚ ਮਹਾਮਾਰੀ ਤੋਂ ਪਹਿਲਾਂ ਦਾ ਹੀ ਸੁਧਾਰ ਹੋਇਆ ਹੈ।
 ਪਿਛਲੇ ਸਾਲ ਪਹਿਲੀ ਤਾਲਾਬੰਦੀ ਦੌਰਾਨ ਜ਼ਿਆਦਾਤਰ ਵਾਹਨਾਂ 'ਤੇ ਲਗਾਈ ਪਾਬੰਦੀ ਨੇ ਹਵਾਵਿਚਲੇ ਪ੍ਰਦੂਸ਼ਣ ਦੇ ਪੱਧਰ ਨੂੰ ਘਟਾਉਣ ਲਈ ਆਪਣਾ ਯੋਗਦਾਨ ਪਾਇਆ  ਪਰ ਪਾਬੰਦੀਆਂ ਨੂੰ ਸੌਖਾ ਕਰਨ ਨਾਲ ਆਵਾਜਾਈ ਫਿਰ ਤੇਜ਼ੀ ਨਾਲ ਆਮ ਪੱਧਰ 'ਤੇ ਵਾਪਸ ਆ ਰਹੀ ਹੈ। ਸਕਾਟਲੈਂਡ ਦੇ ਗਲਾਸਗੋ ਵਿਚ ਹੋਪ ਸਟ੍ਰੀਟ ਨਾਈਟ੍ਰੋਜਨ ਡਾਈਆਕਸਾਈਡ (NO2) ਲਈ ਸਭ ਤੋਂ ਵੱਧ ਪ੍ਰਦੂਸ਼ਿਤ ਸਟ੍ਰੀਟ ਹੈ, ਜਿਸ ਦਾ ਪੱਧਰ ਪਿਛਲੇ ਸਾਲ 36 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ (ਐਮ.ਸੀ.ਜੀ) ਰਿਹਾ ਹੈ ਜੋ ਕਿ ਉਸ ਤੋਂ ਪਹਿਲਾਂ 60 ਐੱਮ. ਸੀ. ਜੀ ਦਰਜ ਕੀਤਾ ਗਿਆ ਸੀ ਅਤੇ ਇਹ ਪੱਧਰ ਯੂਰਪੀਅਨ ਅੰਬੀਏਂਟ ਏਅਰ ਕੁਆਲਟੀ ਡਾਇਰੈਕਟਿਵ ਵਲੋਂ ਨਿਰਧਾਰਤ ਸੀਮਾ 40 ਐੱਮ. ਸੀ. ਜੀ. ਨਾਲੋਂ ਤਕਰੀਬਨ 1.5 ਗੁਣਾ ਜ਼ਿਆਦਾ ਸੀ। 

ਐੱਫ. ਓ. ਈ. ਐੱਸ. ਸੰਸਥਾ ਦੇ ਗੈਵਿਨ ਥਾਮਸਨ ਅਨੁਸਾਰ ਪਾਬੰਦੀਆਂ ਕਾਰਨ ਹਵਾ ਦੀ ਗੁਣਵੱਤਾ ਵਿਚ ਅਸਥਾਈ ਤੌਰ 'ਤੇ ਹੋਇਆ ਸੁਧਾਰ ਇਕ ਵਧੀਆ ਪ੍ਰਾਪਤੀ ਹੈ ਪਰ ਇਸ ਪੱਧਰ ਨੂੰ ਸਥਾਈ ਬਣਾਉਣ ਲਈ ਕੋਈ ਠੋਸ ਰਾਜਨੀਤਿਕ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਕਰਕੇ ਪਾਬੰਦੀਆਂ ਘੱਟ ਹੋਣ 'ਤੇ ਇਸ ਗਿਰਾਵਟ ਨੂੰ ਬਰਕਰਾਰ ਰੱਖਣ ਵਿਚ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।


Lalita Mam

Content Editor

Related News