ਸਕਾਟਲੈਂਡ ਦੇ ਕੇਅਰ ਹੋਮ ''ਚ ਕੋਰੋਨਾ ਪ੍ਰਕੋਪ ਤੋਂ ਬਾਅਦ 10 ਵਸਨੀਕਾਂ ਦੀ ਮੌਤ
Sunday, Feb 07, 2021 - 01:22 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਇੱਕ ਦੇਖਭਾਲ ਘਰ ਵਿੱਚ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਇਸ ਦੇ ਦਸ ਵਸਨੀਕਾਂ ਦੀ ਮੌਤ ਹੋ ਗਈ ਹੈ। ਇਸ ਸੰਬੰਧੀ ਐਨ ਐਚ ਐਸ ਫਾਈਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੌਕਗਲੀ ਦੇ ਮੋਸਵਿਊ ਕੇਅਰ ਹੋਮ ਵਿਖੇ ਕੋਰੋਨਾ ਵਾਇਰਸ ਕਾਰਨ 10 ਮੌਤਾਂ ਹੋਣ ਦੇ ਨਾਲ ਇਸ ਦੇ 25 ਵਸਨੀਕਾਂ ਅਤੇ 43 ਸਟਾਫ ਮੈਂਬਰਾਂ ਦਾ ਟੈਸਟ ਪਾਜ਼ੇਟਿਵ ਆਇਆ ਹੈ।
ਕੇਅਰ ਹੋਮ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਹੂਲਤ ਵਿੱਚ 20 ਦਸੰਬਰ ਨੂੰ ਪਹਿਲਾ ਕੇਸ ਦਰਜ ਹੋਣ ਤੋਂ ਬਾਅਦ ਇਸ ਨੂੰ ਨਵੇਂ ਦਾਖਲਿਆਂ ਲਈ ਬੰਦ ਕਰ ਦਿੱਤਾ ਗਿਆ ਸੀ ਅਤੇ ਫਿਰ 14 ਦਿਨਾਂ ਬਾਅਦ ਦੁਬਾਰਾ ਖੋਲ੍ਹਿਆ ਗਿਆ ਸੀ। ਐਨ ਐਚ ਐਸ ਫਾਈਫ ਅਨੁਸਾਰ ਸਿਹਤ ਮਾਹਿਰ ਫਾਈਫ ਦੇ ਸਿਹਤ ਅਤੇ ਸਮਾਜਿਕ ਦੇਖਭਾਲ ਨਾਲ ਮਿਲ ਕੇ ਕੇਅਰ ਹੋਮ ਵਿੱਚ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਕੰਮ ਕਰ ਰਹੇ ਹਨ। ਇਸ ਕੇਅਰ ਹੋਮ ਵਿੱਚ ਹੋਈਆਂ ਮੌਤਾਂ ਲਈ ਅਧਿਕਾਰੀਆਂ ਦੁਆਰਾ ਦੁੱਖ ਪ੍ਰਗਟ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ - ਬ੍ਰਿਟਿਸ਼ ਸਾਂਸਦਾਂ ਨੂੰ ਬੋਰਿਸ ਸਰਕਾਰ ਦਾ ਜਵਾਬ, ਕਿਹਾ-'ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਾਮਲਾ'
ਸਕਾਟਲੈਂਡ ਵਿੱਚ ਦੇਖਭਾਲ ਘਰਾਂ ਲਈ ਟੀਕਾਕਰਨ ਲੱਗਭਗ 14 ਦਸੰਬਰ ਤੋਂ ਸ਼ੁਰੂ ਹੋਇਆ ਸੀ ਅਤੇ 13 ਜਨਵਰੀ ਨੂੰ ਐਨ ਐਚ ਐਸ ਫਾਈਫ ਨੇ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਖੇਤਰ ਦੇ ਸਾਰੇ 76 ਦੇਖਭਾਲ ਘਰਾਂ ਵਿੱਚ ਟੀਕਾਕਰਨ ਦੇ ਪਹਿਲੇ ਰਾਊਂਡ ਤਹਿਤ ਟੀਕੇ ਲਗਾਏ ਗਏ ਸਨ ਅਤੇ ਸਿਹਤ ਬੋਰਡ ਅਨੁਸਾਰ ਇਸ ਦੌਰਾਨ ਲੱਗਭਗ 5,000 ਵਸਨੀਕਾਂ ਅਤੇ ਸਟਾਫ ਦਾ ਟੀਕਾਕਰਨ ਕੀਤਾ ਗਿਆ ਸੀ। ਇਸਦੇ ਇਲਾਵਾ ਸਕਾਟਲੈਂਡ ਦੇ ਨਵੇ ਅੰਕੜੇ ਦਰਸਾਉਂਦੇ ਹਨ ਕਿ 99% ਬਜ਼ੁਰਗ ਕੇਅਰ ਹੋਮਜ਼ ਵਿੱਚ ਰਹਿੰਦੇ ਹਨ ਅਤੇ ਜਿਹਨਾਂ ਵਿੱਚੋਂ 93% ਕੇਅਰ ਹੋਮ ਵਸਨੀਕਾਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ।