ਸਕਾਟਲੈਂਡ : ਅਜੋਕੇ ਦੋ ਹਫ਼ਤੇ NHS ਲਈ ਪਿਛਲੇ 73 ਸਾਲਾਂ ਨਾਲੋਂ ਜ਼ਿਆਦਾ ਮੁਸ਼ਕਲ ਭਰੇ ਰਹੇ
Friday, Jan 07, 2022 - 11:49 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ 'ਚ ਕੋਵਿਡ ਕੇਸਾਂ ਦੇ ਵਾਧੇ ਸਬੰਧੀ ਹੁਣ ਤੱਕ ਦੇ ਸਭ ਤੋਂ ਬੁਰੇ ਹਾਲਾਤ ਵੇਖਣ ਨੂੰ ਮਿਲ ਰਹੇ ਹਨ। ਸਿਹਤ ਸਕੱਤਰ ਹਮਜ਼ਾ ਯੂਸਫ ਨੇ ਤਾਜ਼ਾ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਆਉਣ ਵਾਲੇ 2 ਹਫਤਿਆਂ ਨੂੰ ਐੱਨ.ਐੱਚ.ਐੱਸ. ਦੇ 73 ਸਾਲਾਂ ਇਤਿਹਾਸ ਦਾ ਸਭ ਤੋਂ ਵਧੇਰੇ ਮੁਸ਼ਕਲ ਸਮਾਂ ਦੱਸਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ 11,360 ਨਵੇਂ ਪਾਜ਼ੇਟਿਵ ਕੋਵਿਡ ਕੇਸ ਆਉਣ ਕਾਰਨ ਸ਼ੁਰੂਆਤੀ ਦੌਰ ਤੋਂ ਹੁਣ ਤੱਕ ਕੁੱਲ ਕੇਸ 1 ਮਿਲੀਅਨ ਤੋਂ ਵਧ ਹੋ ਗਏ ਹਨ।
ਇਹ ਵੀ ਪੜ੍ਹੋ : ਹਾਂਗਕਾਂਗ 'ਚ ਜਨਮ ਦਿਨ ਪਾਰਟੀ 'ਚ ਸ਼ਾਮਲ ਹੋਏ 170 ਲੋਕਾਂ ਨੂੰ ਇਕਾਂਤਵਾਸ 'ਚ ਰਹਿਣ ਦੇ ਹੁਕਮ
ਕੱਲ੍ਹ ਦੇ ਅੰਕੜਿਆਂ ਦੇ ਸ਼ਾਮਲ ਹੋਣ ਨਾਲ ਹੁਣ ਤੱਕ ਦੇ ਪੀੜਤਾਂ ਦੀ ਗਿਣਤੀ 1 ਮਿਲੀਅਨ 10 ਹਜ਼ਾਰ 660 ਹੋ ਗਈ ਹੈ। ਪਿਛਲੇ ਹਫਤੇ 20 ਵਿਅਕਤੀਆਂ 'ਚੋਂ 1 ਪਾਜ਼ੇਟਿਵ ਸੀ, ਉਸ ਤੋਂ ਪਿਛਲੇ ਹਫਤੇ ਇਹ ਅੰਕੜਾ 40 ਪਿੱਛੇ 1 ਸੀ। ਹਮਜ਼ਾ ਯੂਸਫ ਦਾ ਕਹਿਣਾ ਹੈ ਕਿ ਐੱਨ.ਐੱਚ.ਐੱਸ. ਇਸ ਸਮੇਂ ਸਟਾਫ ਦੀ ਗੈਰਹਾਜ਼ਰੀ ਦਾ ਸੰਤਾਪ ਵੀ ਝੱਲ ਰਿਹਾ ਹੈ। ਇਸ ਸਮੇਂ 1200 ਤੋਂ ਵਧੇਰੇ ਲੋਕ ਹਸਪਤਾਲਾਂ 'ਚ ਦਾਖਲ ਹਨ।
ਇਹ ਵੀ ਪੜ੍ਹੋ : ਦਿੱਲੀ 'ਚ ਕੋਰੋਨਾ ਨੇ ਫੜੀ ਰਫ਼ਤਾਰ, 24 ਘੰਟਿਆਂ 'ਚ ਸਾਹਮਣੇ ਆਏ 17 ਹਜ਼ਾਰ ਤੋਂ ਵਧ ਮਾਮਲੇ
ਕੋਵਿਡ ਕਰਕੇ ਗੈਰ-ਹਾਜ਼ਰ ਸਟਾਫ ਸਬੰਧੀ 4 ਜਨਵਰੀ ਤੱਕ ਦੇ ਅੰਕੜੇ ਦੱਸਦੇ ਹਨ ਕਿ 5,482 ਕਰਮਚਾਰੀ ਗੈਰ-ਹਾਜ਼ਰ ਹਨ ਜੋ ਕਿ ਜੂਨ 2020 ਤੋਂ ਬਾਅਦ ਹੁਣ ਤੱਕ ਦਾ ਵੱਡਾ ਅੰਕੜਾ ਹੈ। ਸਟਾਫ ਦੀ ਕਮੀ ਨਾਲ ਨਜਿੱਠਣ ਲਈ ਫਸਟ ਮਨਿਸਟਰ ਨਿਕੋਲਾ ਸਟਰਜਨ ਵੱਲੋਂ ਨਵੇਂ ਐਲਾਨ ਵੀ ਕੀਤੇ ਗਏ ਸਨ। ਜਿਸ ਤਹਿਤ ਸਕਾਟਲੈਂਡ 'ਚ ਪਾਜ਼ੇਟਿਵ ਆਏ ਲੋਕ ਹੁਣ 7 ਦਿਨਾਂ ਦੇ ਇਕਾਂਤਵਾਸ ਤੋਂ ਬਾਹਰ ਆ ਸਕਦੇ ਹਨ। ਉਸ ਲਈ ਇਕ ਸ਼ਰਤ ਇਹ ਵੀ ਹੈ ਕਿ ਉਨ੍ਹਾਂ ਵੱਲੋਂ ਦੋ ਨੈਗੇਟਿਵ ਲੈਟਰਲ ਫਲੋਅ ਟੈਸਟ ਹੋਣੇ ਚਾਹੀਦੇ ਹਨ।
ਇਹ ਵੀ ਪੜ੍ਹੋ : ਇਨਫੈਕਸ਼ਨ ਦੇ ਮਾਮਲੇ ਵਧਣ ਦਰਮਿਆਨ ਚੀਨ 'ਚ ਲਾਕਡਾਊਨ ਨੇ ਅਰਥਵਿਵਸਥਾਵਾਂ ਨੂੰ ਲੈ ਕੇ ਵਧਾਈਆਂ ਚਿੰਤਾਵਾਂ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।