ਸਕਾਟਲੈਂਡ : ਕੋਵਿਡ ਵੈਕਸੀਨ ਪਾਸਪੋਰਟ ਐਪ 30 ਸਤੰਬਰ ਤੋਂ ਹੋਵੇਗੀ ਉਪਲੱਬਧ

Wednesday, Sep 29, 2021 - 07:31 PM (IST)

ਸਕਾਟਲੈਂਡ : ਕੋਵਿਡ ਵੈਕਸੀਨ ਪਾਸਪੋਰਟ ਐਪ 30 ਸਤੰਬਰ ਤੋਂ ਹੋਵੇਗੀ ਉਪਲੱਬਧ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਸਰਕਾਰ ਵੱਲੋਂ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲੱਗੀਆਂ ਹੋਣ ਦੇ ਸਬੂਤ ਨੂੰ ਡਿਜੀਟਲ ਰੂਪ ਦੇਣ ਲਈ ਅਗਲੇ ਮਹੀਨੇ ਤੋਂ ਵੈਕਸੀਨ ਪਾਸਪੋਰਟ ਐਪ ਦੀ ਵਰਤੋਂ ਸ਼ੁਰੂ ਕੀਤੀ ਜਾ ਰਹੀ ਹੈ। ਐੱਨ. ਐੱਚ. ਐੱਸ. ਦੀ ਇਹ ਐਪ ਲੋਕਾਂ ਨੂੰ ਆਪਣੇ ਸਮਾਰਟਫੋਨਜ਼ ’ਚ ਇੰਸਟਾਲ ਕਰਨੀ ਪਵੇਗੀ। ਇਹ ਐਪ ਵੱਖ-ਵੱਖ ਐਪਲੀਕੇਸ਼ਨ ਸਟੋਰਾਂ 'ਤੇ 30 ਸਤੰਬਰ ਤੋਂ ਉਪਲੱਬਧ ਹੋ ਜਾਵੇਗੀ। ਇਸ ਦਾ ਐਲਾਨ ਕਰਦਿਆਂ ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਨੇ ਕਿਹਾ ਕਿ ਸਕਾਟਲੈਂਡ ਦੀ ਕੋਵਿਡ ਟੀਕਾ ਪਾਸਪੋਰਟ ਐਪ ਇਸ ਹਫਤੇ ਦੇ ਅਖੀਰ ’ਚ ਲਾਈਵ ਹੋਵੇਗੀ। ਇਸ ਤੋਂ ਇਲਾਵਾ ਉਨ੍ਹਾਂ ਹੋਲੀਰੂਡ ਵਿਖੇ ਸੰਸਦ ਮੈਂਬਰਾਂ ਨੂੰ ਖੁਲਾਸਾ ਕੀਤਾ ਕਿ ਟੀਕੇ ਲਈ ਸਬੂਤ ਮੰਗਣ ਦੀ ਪ੍ਰਕਿਰਿਆ ਸ਼ੁੱਕਰਵਾਰ, 1 ਅਕਤੂਬਰ ਤੋਂ ਲਾਗੂ ਹੋ ਜਾਵੇਗੀ।

ਹਾਲਾਂਕਿ, ਇਸਨੂੰ 18 ਅਕਤੂਬਰ ਤੱਕ ਹੋਰ ਦੋ ਹਫਤਿਆਂ ਲਈ ਕਾਨੂੰਨੀ ਤੌਰ 'ਤੇ ਲਾਗੂ ਨਹੀਂ ਕੀਤਾ ਜਾਵੇਗਾ। ਇਸ ਲਈ ਐੱਨ. ਐੱਚ. ਐੱਸ. ਕੋਵਿਡ ਸਟੇਟਸ ਐਪ ਇੱਕ ਦਿਨ ਪਹਿਲਾਂ ਵੀਰਵਾਰ, 30 ਸਤੰਬਰ ਨੂੰ ਵੱਖ-ਵੱਖ ਐਪ ਸਟੋਰਾਂ ’ਤੇ ਲਾਈਵ ਹੋਣ ਲਈ ਤਿਆਰ ਹੈ। ਇਹ ਐਪ ਹਰ ਇੱਕ ਵਿਅਕਤੀ ਦੀ ਟੀਕਾਕਰਨ ਸਥਿਤੀ ਦਾ ਇੱਕ ਡਿਜੀਟਲ ਰਿਕਾਰਡ ਪ੍ਰਦਾਨ ਕਰੇਗੀ, ਜਿਸ ’ਚ ਕਿਊ ਆਰ. ਕੋਡ ਵੀ ਸ਼ਾਮਲ ਹੋਵੇਗਾ, ਜਦਕਿ ਟੀਕਾਕਰਨ ਰਿਕਾਰਡ ਦੀ ਕਾਗਜ਼ੀ ਕਾਪੀ ਦੀ ਬੇਨਤੀ ਜਾਂ ਐੱਨ. ਐੱਚ. ਐੱਸ. ਇਨਫਾਰਮ ਵੈੱਬਸਾਈਟ ਤੋਂ ਪੀ. ਡੀ. ਐੱਫ. ਡਾਊਨਲੋਡ ਕਰਨ ਦੀ ਸਹੂਲਤ ਪਹਿਲਾਂ ਹੀ ਮਿਲ ਰਹੀ ਹੈ। ਸਟ੍ਰਜਨ ਅਨੁਸਾਰ ਵੈਕਸੀਨ ਪਾਸਪੋਰਟ ਐਪ ਦੀ ਸ਼ੁੱਕਰਵਾਰ ਸਵੇਰੇ 5 ਵਜੇ ਕਾਨੂੰਨੀ ਜ਼ਿੰਮੇਵਾਰੀ ਲਾਗੂ ਹੋਣ ਤੋਂ ਬਾਅਦ ਤਕਰੀਬਨ ਦੋ ਹਫਤਿਆਂ ਲਈ ਇੱਕ ਤਰ੍ਹਾਂ ਦਾ ਗਰੇਸ ਪੀਰੀਅਡ ਲੋਕਾਂ, ਕਾਰੋਬਾਰਾਂ ਨੂੰ ਦਿੱਤਾ ਜਾਵੇਗਾ ਤਾਂ ਕਿ ਉਹ ਐਪ ਨੂੰ ਸਮਝ ਕੇ ਇਸ ’ਚ ਵਿਸ਼ਵਾਸ ਪੈਦਾ ਕਰ ਸਕਣ।


author

Manoj

Content Editor

Related News