ਸਕਾਟਲੈਂਡ: ਲੈਨਰਕਸ਼ਾਇਰ ''ਚ ਕੋਰੋਨਾ ਕਾਰਨ ਉੱਠੀ ਸਕੂਲ ਨੂੰ ਬੰਦ ਕਰਨ ਦੀ ਮੰਗ
Friday, Nov 06, 2020 - 02:00 PM (IST)

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਇਸ ਸਾਲ ਦੇ ਸ਼ੁਰੂ ਵਿੱਚ ਹੀ ਕੋਰੋਨਾਵਾਇਰਸ ਨੇ ਦੁਨੀਆ ਨੂੰ ਲਪੇਟ ਵਿੱਚ ਲੈ ਲਿਆ ਸੀ। ਇਸ ਦੀ ਲਾਗ ਕਾਰਨ ਮੌਤਾਂ ਦੇ ਨਾਲ ਹਰ ਵਰਗ ਦਾ ਭਾਰੀ ਨੁਕਸਾਨ ਹੋਇਆ ਹੈ। ਸਿੱਖਿਆ ਅਦਾਰੇ ਅਤੇ ਵਿਦਿਆਰਥੀ ਵੀ ਇਸ ਦੀ ਮਾਰ ਹੇਠਾਂ ਹਨ। ਯੂਕੇ ਵਿੱਚ ਇਹ ਖਤਰਨਾਕ ਵਾਇਰਸ ਹਜਾਰਾਂ ਹੀ ਵਿਦਿਆਰਥੀਆਂ ਨੂੰ ਆਪਣਾ ਸ਼ਿਕਾਰ ਬਣਾ ਚੁੱਕਾ ਹੈ। ਇਸ ਦੇ ਤਾਜਾ ਮਾਮਲੇ ਵਿੱਚ ਉੱਤਰੀ ਲੈਨਾਰਕਸ਼ਾਇਰ ਦੇ ਨਿਊ ਸਟੀਵੈਨਸਟਨ ਦੇ ਇੱਕ ਸਕੂਲ ਦੇ 150 ਦੇ ਕਰੀਬ ਸਟਾਫ ਮੈਂਬਰ ਅਤੇ ਵਿਦਿਆਰਥੀ ਲਾਗ ਤੋਂ ਪੀੜਤ ਹੋਏ ਹਨ। ਪ੍ਰਭਾਵੀ ਮਰੀਜ਼ਾਂ ਨੂੰ ਇਕਾਂਤਵਾਸ ਲਈ ਕਹਿਣ ਤੋਂ ਬਾਅਦ ਟੇਲਰ ਹਾਈ ਸਕੂਲ ਨੂੰ ਕੁੱਝ ਸਮੇਂ ਲਈ ਬੰਦ ਕਰਨ ਦੀ ਮੰਗ ਉੱਠੀ ਹੈ।
ਪੜ੍ਹੋ ਇਹ ਅਹਿਮ ਖਬਰ- 'ਆਤਮਨਿਰਭਰ ਭਾਰਤ ਯੋਜਨਾ' ਦੇ ਤਹਿਤ ਚੀਨ ਤੋਂ ਬਿਜਲੀ ਖੇਤਰ 'ਚ ਆਯਾਤ 'ਤੇ ਭਾਰੀ ਕਟੌਤੀ ਦੀ ਤਿਆਰੀ
ਵਾਇਰਸ ਦੇ ਹੋਏ ਕੇਸਾਂ ਕਰਕੇ ਬੱਚਿਆਂ ਦੇ ਮਾਪੇ ਕਾਫੀ ਚਿੰਤਤ ਹਨ ਅਤੇ ਸੁਰੱਖਿਆ ਕਾਰਨਾਂ ਕਰਕੇ ਕਈਆਂ ਨੇ ਹੁਣ ਸਥਾਨਕ ਅਥਾਰਟੀ ਨਾਲ ਸੰਪਰਕ ਕਰਕੇ ਸਕੂਲ ਨੂੰ ਬੰਦ ਕਰਨ ਦੀ ਮੰਗ ਕੀਤੀ ਹੈ। ਐਨ.ਐਚ.ਐਸ. ਮੁਤਾਬਕ ਇਸ ਸੰਬੰਧੀ ਟੈਸਟ ਅਤੇ ਪ੍ਰੋਟੈਕਟ ਉਪਾਅ ਕੀਤੇ ਜਾ ਰਹੇ ਹਨ ਤਾਂ ਕਿ ਸਕਾਰਾਤਮਕ ਮਾਮਲਿਆਂ ਦੇ ਸਿੱਧੇ ਸੰਪਰਕ ਵਿਚ ਆਉਣ ਵਾਲੇ ਲੋਕਾਂ ਨੂੰ ਵੀ ਅਲੱਗ ਕੀਤਾ ਜਾ ਸਕੇ ਪਰ ਇਸ ਮਾਮਲੇ ਵਿੱਚ ਨੌਰਥ ਲੈਨਰਕਸ਼ਾਇਰ ਕੌਂਸਲ ਨੇ ਦੱਸਿਆ ਕਿ ਸਕੂਲ ਆਮ ਵਾਂਗ ਖੁੱਲ੍ਹਾ ਰਹੇਗਾ ਅਤੇ ਉਹ ਸਕੂਲ ਨੂੰ ਸੁਰੱਖਿਅਤ ਰੱਖਣ ਲਈ ਹਰ ਸੰਭਵ ਯਤਨ ਕਰ ਰਹੇ ਹਨ।