ਸਕਾਟਲੈਂਡ: ਹਜ਼ਾਰਾਂ ਪ੍ਰਾਇਮਰੀ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਮੁਫ਼ਤ ਸਕੂਲੀ ਭੋਜਨ

Tuesday, Jun 08, 2021 - 03:37 PM (IST)

ਸਕਾਟਲੈਂਡ: ਹਜ਼ਾਰਾਂ ਪ੍ਰਾਇਮਰੀ ਵਿਦਿਆਰਥੀਆਂ ਨੂੰ ਦਿੱਤਾ ਜਾਵੇਗਾ ਮੁਫ਼ਤ ਸਕੂਲੀ ਭੋਜਨ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਦੀ ਸਰਕਾਰ ਵੱਲੋਂ ਪ੍ਰਾਇਮਰੀ ਸਕੂਲਾਂ ਦੇ ਹਜ਼ਾਰਾਂ ਬੱਚਿਆਂ ਨੂੰ ਮੁਫ਼ਤ ਸਕੂਲੀ ਭੋਜਨ ਦੇਣ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਦੀ ਇਸ ਯੋਜਨਾ ਦੇ ਤਹਿਤ 90,000 ਤੋਂ ਵੱਧ ਪ੍ਰਾਇਮਰੀ ਵਿਦਿਆਰਥੀ ਸਕੂਲੀ ਟਰਮ ਦੇ ਸਮੇਂ ਦੌਰਾਨ ਮੁਫ਼ਤ ਸਕੂਲ ਭੋਜਨ ਸਹਾਇਤਾ ਦੇ ਹੱਕਦਾਰ ਹੋਣਗੇ। ਸਕਾਟਲੈਂਡ ਦੀ ਸਰਕਾਰ ਅਤੇ ਸਥਾਨਕ ਅਥਾਰਟੀਆਂ ਨੇ ਪ੍ਰਾਇਮਰੀ 4 ਅਤੇ 5 ਦੇ ਬੱਚਿਆਂ ਲਈ ਮੁਫ਼ਤ ਦੁਪਹਿਰ ਦਾ ਖਾਣਾ ਅਤੇ ਸਾਰੇ ਯੋਗ ਪ੍ਰਾਇਮਰੀ ਸੈਕੰਡਰੀ ਬੱਚਿਆਂ ਲਈ ਸਕੂਲ ਛੁੱਟੀਆਂ ਦੌਰਾਨ ਸਹਾਇਤਾ ਕਰਨ ਦਾ ਸਮਝੌਤਾ ਕੀਤਾ ਹੈ। ਇਸ ਤਹਿਤ 28 ਮਿਲੀਅਨ ਪੌਂਡ ਨਾਲ, ਪੀ 4 ਬੱਚਿਆਂ ਲਈ ਅਗਸਤ 2021 ਤੱਕ ਅਤੇ ਪੀ 5 ਬੱਚਿਆਂ ਨੂੰ ਜਨਵਰੀ 2022 ਤੱਕ ਮੁਫ਼ਤ ਦੁਪਹਿਰ ਦਾ ਖਾਣਾ ਮੁਹੱਈਆ ਹੋਵੇਗਾ।

ਇਸਦੇ ਨਾਲ ਹੀ ਹੋਰ 21.75 ਮਿਲੀਅਨ ਪੌਂਡ ਨਾਲ 2021-22 ਵਿਚ ਸਕੂਲ ਦੀਆਂ ਛੁੱਟੀਆਂ ਦੌਰਾਨ ਜੁਲਾਈ ਵਿਚ ਲਗਭਗ 145,000 ਪ੍ਰਾਇਮਰੀ ਅਤੇ ਸੈਕੰਡਰੀ ਬੱਚਿਆਂ ਸਮੇਤ ਘੱਟ ਆਮਦਨੀ ਵਾਲੇ ਘਰਾਂ ਦੇ ਬੱਚਿਆਂ ਲਈ ਵੀ ਸਕੂਲੀ ਭੋਜਨ ਨਾਲ ਸਹਾਇਤਾ ਕੀਤੀ ਜਾਵੇਗੀ। ਭੋਜਨ ਮੁਹੱਈਆ ਕਰਵਾਉਣ ਦੇ ਤਰੀਕੇ ਕੌਸਲਾਂ ਵੱਲੋਂ ਨਿਰਧਾਰਿਤ ਕੀਤੇ ਜਾਣਗੇ, ਜਿਸ ਵਿਚ ਸਿੱਧੀ ਅਦਾਇਗੀ, ਵਾਊਚਰ ਜਾਂ ਭੋਜਨ ਪਾਰਸਲ ਦੀ ਵਿਵਸਥਾ ਸ਼ਾਮਲ ਹੋ ਸਕਦੀ ਹੈ। ਸਿੱਖਿਆ ਸਕੱਤਰ ਸ਼ਰਲੀ-ਐਨ ਸਮਰਵਿਲ ਅਨੁਸਾਰ ਮੁਫ਼ਤ ਸਕੂਲੀ ਖਾਣਾ ਦੇਸ਼ ਭਰ ਦੇ ਹਜ਼ਾਰਾਂ ਬੱਚਿਆਂ ਅਤੇ ਨੌਜਵਾਨਾਂ ਲਈ ਇਕ ਮਹੱਤਵਪੂਰਣ ਸਹਾਇਤਾ ਹੈ।


author

cherry

Content Editor

Related News