ਸਕਾਟਲੈਂਡ : ਨਿਕੋਲਾ ਸਟ੍ਰਜਨ ਦੀ ਭੈਣ ਗਿਲੀਅਨ ਸਟ੍ਰਜਨ ਗ੍ਰਿਫਤਾਰ ਹੋਣ ਤੋਂ ਬਾਅਦ ਰਿਹਾਅ
Saturday, Aug 14, 2021 - 03:58 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟ੍ਰਜਨ ਦੀ ਛੋਟੀ ਭੈਣ ਗਿਲੀਅਨ (ਗਿਲ) ਸਟ੍ਰਜਨ ਨੂੰ ਆਇਰਸ਼ਾਇਰ ਦੇ ਘਰ ’ਚ ਹੋਈ ਇੱਕ ਘਟਨਾ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਗਿਲੀਅਨ ਸਟ੍ਰਜਨ (46) ਨੂੰ ਸ਼ਨੀਵਾਰ 7 ਅਗਸਤ ਨੂੰ ਕਿਲਵਿਨਿੰਗ ’ਚ ਇੱਕ ਘਰ ਦੇ ਅੰਦਰ ਵਾਪਰੀ ਇੱਕ ਘਟਨਾ ਦੇ ਸਬੰਧ ’ਚ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਘਟਨਾ ਦੇ ਸਬੰਧ ’ਚ ਪਹਿਲਾਂ ਇੱਕ 50 ਸਾਲਾ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਹਾਲਾਂਕਿ ਇਸ ਘਟਨਾ ਦੇ ਸਹੀ ਹਾਲਾਤ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਏ ਹਨ, ਜਦਕਿ ਸਕਾਟਲੈਂਡ ਪੁਲਸ ਅਨੁਸਾਰ ਗਿਲ ਸਟ੍ਰਜਨ ਅਤੇ ਵਿਅਕਤੀ ਦੋਵਾਂ ਨੂੰ ਗ੍ਰਿਫਤਾਰੀ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਬਾਅਦ ’ਚ ਕਿਲਮਰਨੌਕ ਸ਼ੈਰਿਫ ਅਦਾਲਤ ’ਚ ਪੇਸ਼ ਹੋਣਾ ਤੈਅ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਇੱਕ 50 ਸਾਲਾ ਵਿਅਕਤੀ ਨੂੰ ਸ਼ਨੀਵਾਰ 7 ਅਗਸਤ ਨੂੰ ਕਿਲਵਿਨਿੰਗ ਦੇ ਇੱਕ ਘਰ ਅੰਦਰ ਵਾਪਰੀ ਇੱਕ ਘਟਨਾ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਤੇ ਉਸ ਉੱਤੇ ਦੋਸ਼ ਲਾਇਆ ਗਿਆ।
ਇਹ ਵੀ ਪੜ੍ਹੋ : EU ਦੀ ਤਾਲਿਬਾਨ ਨੂੰ ਚੇਤਾਵਨੀ, ਕਿਹਾ-ਹਿੰਸਾ ਨਾਲ ਸੱਤਾ ’ਤੇ ਕੀਤਾ ਕਬਜ਼ਾ ਤਾਂ ਭੁਗਤਣੇ ਪੈਣਗੇ ਨਤੀਜੇ
ਉਸ ਨੂੰ ਬਾਅਦ ਦੀ ਤਾਰੀਖ ’ਤੇ ਕਿਲਮਰਨੌਕ ਸ਼ੈਰਿਫ ਕੋਰਟ ’ਚ ਪੇਸ਼ ਹੋਣ ਦੇ ਵਾਅਦੇ ’ਤੇ ਰਿਹਾਅ ਕੀਤਾ ਗਿਆ ਅਤੇ ਇਸ ਮਾਮਲੇ ਦੀ ਪੂਰੀ ਰਿਪੋਰਟ ਪ੍ਰੋਕਿਊਰੇਟਰ ਫਿਸਕਲ ਨੂੰ ਭੇਜੀ ਜਾਵੇਗੀ। ਇਸ ਤੋਂ ਇਲਾਵਾ ਬੁੱਧਵਾਰ, 11 ਅਗਸਤ ਨੂੰ ਗਿਲ ਸਟ੍ਰਜਨ ਨੂੰ 7 ਅਗਸਤ ਨੂੰ ਹੋਈ ਘਟਨਾ ਦੇ ਸਬੰਧ ’ਚ ਹੀ ਗ੍ਰਿਫਤਾਰ ਕੀਤਾ ਗਿਆ। ਗਿਲ ਨੂੰ ਵੀ ਬਾਅਦ ਦੀ ਤਾਰੀਖ ’ਤੇ ਕਿਲਮਰਨੌਕ ਸ਼ੈਰਿਫ ਅਦਾਲਤ ’ਚ ਪੇਸ਼ ਹੋਣ ਦੇ ਵਾਅਦੇ ’ਤੇ ਰਿਹਾਅ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਗਿਲ ਇਸ ਮਹੀਨੇ ਦੇ ਸ਼ੁਰੂ ’ਚ ਟਰੇਨ ’ਤੇ ਐਡਿਨਬਰਾ ਦੀ ਯਾਤਰਾ ਦੌਰਾਨ ਬਿਨਾਂ ਫੇਸ ਮਾਸਕ ਤੋਂ ਫੇਸਬੁੱਕ ’ਤੇ ਸੈਲਫੀ ਸਾਂਝੀ ਕਰਨ ਤੋਂ ਬਾਅਦ ਸੁਰਖੀਆਂ ’ਚ ਆਈ ਸੀ ਪਰ ਕਿਹਾ ਸੀ ਕਿ ਸੈਂਡਵਿਚ ਖਾਣ ਲਈ ਉਸ ਨੇ ਚਿਹਰੇ ਦੇ ਮਾਸਕ ਨੂੰ ਹਟਾ ਦਿੱਤਾ ਸੀ।