ਸਕਾਟਲੈਂਡ ''ਚ 50 ਫੀਸਦੀ ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲੀਆਂ
Saturday, Jul 03, 2021 - 04:08 PM (IST)
 
            
            ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਕੋਰੋਨਾ ਟੀਕਾਕਰਨ ਮੁਹਿੰਮ ਦੌਰਾਨ 50% ਤੋਂ ਵੱਧ ਲੋਕਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ। ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਸ਼ੁੱਕਰਵਾਰ ਨੂੰ ਟੀਕਾਕਰਨ ਸਬੰਧੀ ਅਪਡੇਟ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕਾਟਲੈਂਡ ਦੇ 50% ਤੋਂ ਵੱਧ ਲੋਕਾਂ ਨੂੰ ਕੋਵਿਡ-19 ਦੀ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਮਿਲ ਚੁੱਕੀਆਂ ਹਨ।
ਅੰਕੜਿਆਂ ਅਨੁਸਾਰ ਹੁਣ ਤੱਕ ਤਕਰੀਬਨ 3,831,770 ਲੋਕਾਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਅਤੇ 2,737,347 ਨੇ ਆਪਣੀ ਦੂਜੀ ਖੁਰਾਕ ਪ੍ਰਾਪਤ ਕੀਤੀ ਹੈ, ਜਦਕਿ ਸਕਾਟਲੈਂਡ ਵਿਚ ਕੋਰੋਨਾ ਕਾਰਨ 4 ਮੌਤਾਂ ਅਤੇ ਵਾਇਰਸ ਦੇ 3823 ਨਵੇਂ ਕੇਸ ਦਰਜ ਕੀਤੇ ਗਏ ਹਨ। ਇਸ ਦੇ ਇਲਾਵਾ ਕੋਰੋਨਾ ਵਾਇਰਸ ਦੇ ਨਵੇਂ 285 ਮਰੀਜ਼ ਹਸਪਤਾਲ ਵਿਚ ਹਨ, ਜਿਨ੍ਹਾਂ ਵਿਚੋਂ 19 ਵਿਅਕਤੀ ਗੰਭੀਰ ਦੇਖ਼ਭਾਲ ਵਿਚ ਹਨ।
ਇਸ ਦੇ ਇਲਾਵਾ ਸਰਕਾਰ ਨੇ ਡਰਾਪ-ਇਨ ਕੋਰੋਨਾ ਵਾਇਰਸ ਟੀਕਾਕਰਨ ਕਲੀਨਿਕਾਂ ਦਾ ਵੀ ਪ੍ਰਬੰਧ ਕੀਤਾ ਹੈ, ਜੋ ਕਿ ਸਕਾਟਲੈਂਡ ਦੇ ਸਾਰੇ ਮੁੱਖ ਸਿਹਤ ਬੋਰਡਾਂ ਵੱਲੋਂ ਸੋਮਵਾਰ ਤੋਂ ਚਲਾਏ ਜਾ ਰਹੇ ਹਨ। ਇਹ ਟੀਕਾਕਰਨ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਨੂੰ ਆਪਣੀ ਪਹਿਲੀ ਖੁਰਾਕ ਅਤੇ ਜੇਕਰ 8 ਹਫ਼ਤੇ ਲੰਘ ਗਏ ਹਨ ਤਾਂ ਵੈਕਸੀਨ ਦੀ ਦੂਜੀ ਖੁਰਾਕ ਪੇਸ਼ ਕਰਨਗੇ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            