ਸਕਾਟਲੈਂਡ: ਦਵਾਈਆਂ ਦੀ ਡਰੋਨ ਰਾਹੀਂ ਸਪਲਾਈ ਕਰਨ ਲਈ ਡਰੋਨ ਪੋਰਟ ‘ਤੇ ਸ਼ੁਰੂ ਹੋਵੇਗਾ ਟ੍ਰਾਇਲ
Saturday, Feb 12, 2022 - 07:52 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਸਕਾਟਲੈਂਡ ਵਿਚ ਦਵਾਈਆਂ ਦੀ ਸਪਲਾਈ ਲਈ ਪਹਿਲੇ ਡਰੋਨ ਪੋਰਟ ‘ਤੇ ਟ੍ਰਾਇਲ ਸ਼ੁਰੂ ਹੋਣ ਜਾ ਰਿਹਾ ਹੈ। ਇਹ ਪਹਿਲਾ ਡਰੋਨ ਪੋਰਟ ਡੰਡੀ ਅਤੇ ਐਂਗਸ ਵਿਚਕਾਰ ਐੱਨ. ਐੱਚ. ਐੱਸ. ਲਈ ਮੈਡੀਕਲ ਸਪਲਾਈ ਅਤੇ ਨਮੂਨੇ ਇਕੱਠੇ ਕਰਨ ਅਤੇ ਡਲਿਵਰੀ ਸ਼ੁਰੂ ਕਰਨ ਲਈ ਤਿਆਰ ਹੈ। ਇਸ ਕੰਮ ਲਈ ਮਰਕਰੀ ਡਰੋਨ ਪੋਰਟਸ - ਮੋਂਟਰੋਜ਼, ਜੋ ਕਿ ਐਂਗਸ ਵਿਚ ਸਥਿਤ ਹੈ, ਮੌਜੂਦਾ ਆਵਾਜਾਈ ਦੇ ਤਰੀਕਿਆਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵਿਚ ਕਈ ਸਿਹਤ ਸੰਭਾਲ ਸਹੂਲਤਾਂ ਦੇ ਵਿਚਕਾਰ ਕੰਮ ਕਰਨ ਲਈ ਡਰੋਨਾਂ ਲਈ ਇਕ ਟਰਾਇਲ ਏਅਰਸਪੇਸ ਪ੍ਰਦਾਨ ਕਰੇਗੀ।
ਇਹ ਪਹਿਲੀ ਡਰੋਨ ਅਜ਼ਮਾਇਸ਼ ਮਾਰਚ ਵਿਚ ਸ਼ੁਰੂ ਹੋਵੇਗੀ, ਜਿਸ ਨੂੰ ਐਂਗਸ ਕੌਂਸਲ ਦੇ ਨੇਤਾ ਕੌਂਸਲਰ ਡੇਵਿਡ ਫੇਅਰਵੈਦਰ ਨੇ ਸਿਹਤ ਸੰਭਾਲ ਪ੍ਰਣਾਲੀ ਲਈ ਇਕ ਮਹੱਤਵਪੂਰਨ ਕਦਮ ਦੱਸਿਆ ਹੈ। ਇਹ ਨਵੀਂ ਟਰਾਂਸਪੋਰਟੇਸ਼ਨ ਵਿਧੀ ਦਾ ਉਦੇਸ਼ NHS ਨੂੰ ਆਨ-ਡਿਮਾਂਡ ਕਲੈਕਸ਼ਨ ਅਤੇ ਡਿਲੀਵਰੀ ਸੇਵਾ ਪ੍ਰਦਾਨ ਕਰਨਾ ਹੈ, ਜਿਸ ਨਾਲ ਇਕ ਤੇਜ਼ ਅਤੇ ਵਧੇਰੇ ਭਰੋਸੇਮੰਦ ਸੇਵਾ ਦੁਆਰਾ ਵੱਡੇ ਹਸਪਤਾਲਾਂ, ਪੈਥੋਲੋਜੀ ਲੈਬਾਰਟਰੀਆਂ ਵਿਚ ਵਿਸ਼ਲੇਸ਼ਣ ਲਈ ਸਥਾਨਕ ਮੈਡੀਕਲ ਅਭਿਆਸਾਂ ਤੋਂ ਨਮੂਨੇ ਇਕੱਠੇ ਕੀਤੇ ਜਾ ਸਕਦੇ ਹਨ। ਫੇਅਰਵੈਦਰ ਅਨੁਸਾਰ ਸੁਧਾਰ ਦਾ ਇਹ ਪੱਧਰ ਸੰਭਾਵੀ ਤੌਰ 'ਤੇ ਟੈਸਟਿੰਗ ਦੇ ਸਮੇਂ ਨੂੰ ਘਟਾ ਕੇ, ਮਰੀਜ਼ਾਂ ਦੇ ਇਲਾਜ ਨੂੰ ਤੇਜ਼ ਕਰਕੇ, ਮਹਿੰਗੀ ਟੈਕਸੀ ਆਵਾਜਾਈ 'ਤੇ ਨਿਰਭਰਤਾ ਨੂੰ ਘਟਾ ਕੇ, ਐੱਨ. ਐੱਚ. ਐੱਸ. ਲਈ ਘੱਟ ਕੀਮਤ 'ਤੇ, ਜੀਵਨ ਬਚਾਉਣ ਵਾਲੇ ਇਲਾਜ ਨੂੰ ਪਹਿਲਾਂ ਸ਼ੁਰੂ ਕਰਨ ਦੇ ਯੋਗ ਹੋ ਸਕਦਾ ਹੈ।