ਸਕਾਟਲੈਂਡ ''ਚ ਮੰਦੀ ਦੀ ਮਾਰ ਝੱਲ ਰਹੇ ਵਿਆਹ ਉਦਯੋਗ ਲਈ 25 ਮਿਲੀਅਨ ਪੌਂਡ ਦਾ ਫੰਡ ਜਾਰੀ

Tuesday, Jan 26, 2021 - 03:52 PM (IST)

ਸਕਾਟਲੈਂਡ ''ਚ ਮੰਦੀ ਦੀ ਮਾਰ ਝੱਲ ਰਹੇ ਵਿਆਹ ਉਦਯੋਗ ਲਈ 25 ਮਿਲੀਅਨ ਪੌਂਡ ਦਾ ਫੰਡ ਜਾਰੀ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਕੋਰੋਨਾ ਵਾਇਰਸ ਮਹਾਮਾਰੀ ਨੇ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਲੈਣ ਦੇ ਨਾਲ ਵੱਡੇ ਪੱਧਰ 'ਤੇ ਕਾਰੋਬਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਕਾਰੋਬਾਰਾਂ ਵਿੱਚ ਵਿਆਹ ਸਮਾਰੋਹ ਸੰਬੰਧੀ ਕਾਰੋਬਾਰ ਵੀ ਸ਼ਾਮਿਲ ਹਨ। ਇਸ ਸਮੇਂ ਮਹਾਮਾਰੀ ਤੋਂ ਪ੍ਰਭਾਵਿਤ ਵਿਆਹ ਸੈਕਟਰ ਦੀ ਸਹਾਇਤਾ ਲਈ 25 ਮਿਲੀਅਨ ਪੌਂਡ ਦੇ ਫੰਡ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਸਹਾਇਤਾ ਰਾਸ਼ੀ ਪ੍ਰਾਪਤ ਕਰਨ ਲਈ ਸਰਕਾਰ ਵੱਲੋਂ ਇਸ ਹਫਤੇ ਅਰਜ਼ੀਆਂ ਲਈਆਂ ਜਾਣਗੀਆਂ। 

ਇਹ ਫੰਡ ਇਸ ਸੈਕਟਰ ਵਿੱਚ ਯੋਗ ਕਾਰੋਬਾਰਾਂ ਲਈ ਇੱਕ ਵਾਰ ਦੀ 25,000 ਪੌਂਡ ਤੱਕ ਦੀ ਗਰਾਂਟ ਪ੍ਰਦਾਨ ਕਰੇਗਾ ਜੋ ਕਿ ਕੋਵਿਡ-19 ਤੋਂ ਪ੍ਰਭਾਵਿਤ ਹੋਏ ਹਨ, ਜਿਹਨਾਂ ਵਿੱਚ ਵਿਆਹ ਦੇ ਸਥਾਨ, ਫੋਟੋਗ੍ਰਾਫਰ, ਫੁੱਲਾਂ ਦੇ ਕਾਰੋਬਾਰੀ, ਕੇਟਰਿੰਗ, ਸਪਲਾਇਰ ਵੀਡੀਓਗ੍ਰਾਫ਼ਰ, ਬੈਂਡ, ਡੀਜੇ, ਪਾਈਪਰ ਅਤੇ ਸਟਰਿੰਗ ਕੁਆਰਟ ਆਦਿ ਸ਼ਾਮਿਲ ਹਨ। ਸਕਾਟਿਸ਼ ਸਰਕਾਰ ਅਨੁਸਾਰ ਇਸ ਸੈਕਟਰ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ, ਦਸੰਬਰ ਵਿੱਚ ਐਲਾਨੇ ਗਏ 15 ਮਿਲੀਅਨ ਪੌਂਡ ਵਿੱਚ ਹੋਰ 10 ਮਿਲੀਅਨ ਪੌਂਡ ਸ਼ਾਮਿਲ ਕੀਤੇ ਗਏ ਹਨ। 

ਪੜ੍ਹੋ ਇਹ ਅਹਿਮ ਖਬਰ- ਕਿਸਾਨਾਂ ਦੇ ਹੱਕ ‘ਚ ਨਿਊਜ਼ੀਲੈਂਡ ‘ਚ ਵੀ ਨਿਕਲੀ ਟਰੈਕਟਰ ਪਰੇਡ (ਤਸਵੀਰਾਂ)

ਇਸ ਜਾਰੀ ਕੀਤੇ ਗਏ ਫੰਡ ਦਾ ਪ੍ਰਬੰਧਣ ਖੇਤਰੀ ਤੌਰ 'ਤੇ ਸਕਾਟਲੈਂਡ ਦੀਆਂ ਤਿੰਨ ਏਜੰਸੀਆਂ - ਸਾਊਥ ਆਫ ਸਕਾਟਲੈਂਡ ਐਂਟਰਪ੍ਰਾਈਜ, ਸਕਾਟਲੈਂਡ ਐਂਟਰਪ੍ਰਾਈਜ ਅਤੇ ਹਾਈਲੈਂਡਜ਼ ਐਂਡ ਆਈਲੈਂਡ ਐਂਟਰਪ੍ਰਾਈਜ ਦੁਆਰਾ ਕੀਤਾ ਜਾਵੇਗਾ। ਮੌਜੂਦਾ ਕੋਰੋਨਾ ਵਾਇਰਸ ਨਿਯਮਾਂ ਦੇ ਤਹਿਤ ਪੱਧਰ 4 ਦੇ ਖੇਤਰਾਂ ਵਿੱਚ ਪੰਜ ਤੋਂ ਵੱਧ ਲੋਕ ਵਿਆਹ ਸਮਾਰੋਹ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਅਤੇ ਵਿਆਹ ਦੀਆਂ ਰਿਸੈਪਸ਼ਨਾਂ ਵੀ ਗੈਰ ਕਾਨੂੰਨੀ ਹਨ। ਜਦਕਿ ਤਾਲਾਬੰਦੀ ਪੱਧਰ 1, 2 ਅਤੇ 3 ਖੇਤਰਾਂ ਵਿੱਚ 20 ਤੋਂ ਵੱਧ ਲੋਕਾਂ ਦੇ ਸਮਾਰੋਹ ਅਤੇ ਰਿਸੈਪਸ਼ਨ ਵਿੱਚ ਸ਼ਾਮਿਲ ਹੋਣ 'ਤੇ ਪਾਬੰਦੀ ਹੈ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News