ਸਕਾਟਲੈਂਡ ''ਚ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਸ਼ਾਨਦਾਰ ਸਮਾਗਮ ਕਰਵਾਇਆ

09/06/2022 10:29:56 AM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਸਕਾਟਲੈਂਡ ਵਿੱਚ ਭਾਰਤੀ ਭਾਈਚਾਰੇ ਨਾਲ ਸੰਬੰਧਤ ਸੰਸਥਾਵਾਂ ਲਈ ਛੱਤਰੀ ਵਾਂਗ ਕੰਮ ਕਰ ਰਹੀ ਸੰਸਥਾ ਹੈ। ਏ.ਆਈ.ਓ. ਦੀ ਟੀਮ ਹਰ ਸਮਾਗਮ ਸਮਰਪਣ ਭਾਵਨਾ ਨਾਲ ਕਰਦੀ ਆਈ ਹੈ। ਬੀਤੇ ਦਿਨ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇ-ਗੰਢ ਦੇ ਸੰਬੰਧ ਵਿੱਚ "ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ" ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਖਾਸੀਅਤ ਇਹ ਸੀ ਕਿ ਜਿੱਥੇ ਇਸ ਮੌਕੇ ਪ੍ਰਬੰਧ ਪੱਖੋਂ ਕੋਈ ਕਮੀ ਨਹੀਂ ਸੀ, ਉੱਥੇ ਹੀ ਸਕਾਟਲੈਂਡ ਦੀ ਕੋਈ ਅਜਿਹੀ ਸੰਸਥਾ ਜਾਂ ਅਦਾਰਾ ਨਹੀਂ ਸੀ, ਜਿਸਨੇ ਇਸ ਵਿਚ ਸ਼ਮੂਲੀਅਤ ਨਾ ਕੀਤੀ ਹੋਵੇ।

ਲਗਭਗ ਚਾਰ ਘੰਟੇ ਚੱਲੇ ਸਮਾਗਮ ਵਿਚ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਸ੍ਰੀ ਬਿਜੇ ਸੇਲਵਰਾਜ, ਸ੍ਰੀ ਸੱਤਿਆਵੀਰ ਸਿੰਘ ਨੇ ਆਪਣੇ ਪਰਿਵਾਰਾਂ ਸਮੇਤ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਐਸੋਸੀਏਸ਼ਨ ਆਫ ਇੰਡੀਅਨ ਆਰਗੇਨਾਈਜੇਸ਼ਨਜ਼ ਦੀ ਸਕੱਤਰ ਸ੍ਰੀਮਤੀ ਮਰਿਦੁਲਾ ਚਕਰਬਰਤੀ ਵੱਲੋਂ ਸਮਾਗਮ ਦੀ ਰਸਮੀ ਸ਼ੁਰੂਆਤ ਕਰਨ ਨਾਲ ਹੋਈ। ਰਾਸ਼ਟਰੀ ਗੀਤ ਦੀ ਪੇਸ਼ਕਾਰੀ ਮੌਕੇ ਸਮਾਗਮ 'ਚ ਹਾਜ਼ਰ ਹਰ ਕਿਸੇ ਨੇ ਖੜ੍ਹੇ ਹੋ ਕੇ ਸੁਰ 'ਚ ਸੁਰ ਮਿਲਾਈ। ਇਸ ਉਪਰੰਤ ਏ.ਆਈ.ਓ. ਦੇ ਪ੍ਰਧਾਨ ਅਮ੍ਰਿਤਪਾਲ ਕੌਸ਼ਲ (ਐੱਮ. ਬੀ. ਈ.) ਵੱਲੋਂ ਸੰਸਥਾ ਦੇ ਲੰਮੇ ਸੰਘਰਸ਼ ਤੇ ਸਫ਼ਰ ਨੂੰ ਹਾਜ਼ਰੀਨ ਦੇ ਸਨਮੁੱਖ ਪੇਸ਼ ਕੀਤਾ। ਇਸ ਸਮੇਂ ਦੇਸੀ ਬਰੇਵ ਹਾਰਟ ਦੀਆਂ ਕਲਾਕਾਰਾਂ ਨੇ ਨ੍ਰਿਤ ਦੀ ਪੇਸ਼ਕਾਰੀ ਰਾਹੀਂ ਭਰਪੂਰ ਵਾਹ-ਵਾਹ ਖੱਟੀ।

PunjabKesari

ਇਸ ਉਪਰੰਤ ਭਾਰਤ ਤੋਂ ਵਿਸ਼ੇਸ਼ ਤੌਰ 'ਤੇ ਆਈਆਂ ਆਈ.ਸੀ.ਸੀ.ਆਰ. ਟਰੁੱਪ ਦੀਆਂ ਨ੍ਰਿਤਕ ਕਲਾਕਾਰਾਂ ਵੱਲੋਂ ਭਾਰਤ ਨਾਟਿਅਮ, ਕਥਕ ਸਮੇਤ ਹੋਰ ਵੀ ਪੇਸ਼ਕਾਰੀਆਂ ਰਾਹੀਂ ਆਪਣੀ ਦਮਦਾਰ ਕਲਾ ਦਾ ਲੋਹਾ ਮੰਨਵਾਇਆ ਗਿਆ। ਇਸ ਸਮੇਂ ਆਪਣੇ ਸੰਬੋਧਨ ਦੌਰਾਨ ਮਰਿਦੁਲਾ ਚਕਰਬਰਤੀ ਨੇ ਕੋਵਿਡ ਦੇ ਬੁਰੇ ਦੌਰ ਵਿੱਚ ਭਾਰਤ ਤੋਂ ਆਏ ਵਿਦਿਆਰਥੀਆਂ ਦੀਆਂ ਫੀਸਾਂ ਦੇ ਰੂਪ ਵਿੱਚ ਆਰਥਿਕ ਮਦਦ, ਉਹਨਾਂ ਦੀ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਮਦਦ ਦੇ ਨਾਲ ਕੀਤੀ ਹਰ ਸੰਭਵ ਸਹਾਇਤਾ ਬਾਰੇ ਵੀ ਚਾਨਣਾ ਪਾਇਆ ਗਿਆ। ਸੰਸਥਾ ਦੇ ਮੀਤ ਪ੍ਰਧਾਨ ਸੋਹਣ ਸਿੰਘ ਰੰਧਾਵਾ ਵੱਲੋਂ ਏ.ਆਈ.ਓ. ਦੀ ਸਮੁੱਚੀ ਟੀਮ ਦੀ ਹਾਜ਼ਰੀਨ ਨਾਲ ਜਾਣ-ਪਛਾਣ ਕਰਵਾਉਣ ਲਈ ਮੰਚ 'ਤੇ ਇੱਕ-ਇੱਕ ਕਰਕੇ ਬੁਲਾਇਆ ਗਿਆ। ਨਾਲ ਹੀ ਉਹਨਾਂ ਸੰਸਥਾ ਦੀਆਂ ਮਦਦਗਾਰ ਭਾਈਚਾਰੇ ਦੀਆਂ ਹਸਤੀਆਂ ਦਾ ਵੀ ਹਾਜ਼ਰੀਨ ਨਾਲ ਤੁਆਰਫ ਕਰਵਾਇਆ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੌਂਸਲ ਜਨਰਲ ਆਫ ਇੰਡੀਆ ਐਡਿਨਬਰਾ ਬਿਜੇ ਸੇਲਵਰਾਜ ਨੇ ਬੇਹੱਦ ਸ਼ਾਨਦਾਰ ਸਮਾਗਮ ਦਾ ਆਯੋਜਨ ਕਰਨ ਲਈ ਪ੍ਰਬੰਧਕੀ ਟੀਮ ਨੂੰ ਹਾਰਦਿਕ ਵਧਾਈ ਪੇਸ਼ ਕੀਤੀ। ਨਿੱਕੀਆਂ ਬੱਚੀਆਂ ਵੱਲੋਂ ਕੀਤਾ ਗਿਆ ਨਾਚ ਅਮਿਟ ਛਾਪ ਛੱਡ ਗਿਆ। ਸਮਾਗਮ ਦੇ ਅਖੀਰ ਵਿੱਚ ਸ੍ਰੀਮਤੀ ਸ਼ੀਲਾ ਮੁਖਰਜੀ ਨੇ ਦੂਰ-ਦੁਰਾਡੇ ਤੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਹਰ ਸ਼ਖ਼ਸ ਦਾ ਧੰਨਵਾਦ ਕੀਤਾ। ਉਹਨਾਂ ਭਵਿੱਖ ਵਿੱਚ ਵੀ ਹੋਣ ਵਾਲੇ ਸਮਾਗਮਾਂ ਲਈ ਇਸੇ ਤਰ੍ਹਾਂ ਦਾ ਸਹਿਯੋਗ ਦੇਣ ਦੀ ਉਮੀਦ ਪ੍ਰਗਟਾਈ। ਇਸ ਤਰ੍ਹਾਂ ਸ਼ਾਨਦਾਰ ਪ੍ਰਬੰਧਾਂ ਅਧੀਨ ਹੋਇਆ ਇਹ ਸਮਾਗਮ ਅਗਲੇ ਵਰ੍ਹੇ ਮੁੜ ਮਿਲਣ ਦੇ ਵਾਅਦੇ ਨਾਲ ਸਮਾਪਤ ਹੋਇਆ।
 


cherry

Content Editor

Related News