ਸਕਾਟਲੈਂਡ : ਆਸਟਰੇਲੀਆ ਵਸਦੇ ਪ੍ਰਸਿੱਧ ਸ਼ਾਇਰ ਜਸਵੰਤ ਵਾਗਲਾ ਦੀ ਪੁਸਤਕ ‘ਸਿਲਸਿਲਾ’ ਲੋਕ ਅਰਪਣ

Tuesday, Apr 19, 2022 - 04:48 PM (IST)

ਸਕਾਟਲੈਂਡ : ਆਸਟਰੇਲੀਆ ਵਸਦੇ ਪ੍ਰਸਿੱਧ ਸ਼ਾਇਰ ਜਸਵੰਤ ਵਾਗਲਾ ਦੀ ਪੁਸਤਕ ‘ਸਿਲਸਿਲਾ’ ਲੋਕ ਅਰਪਣ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)- ਕਲਮਕਾਰਾਂ ਨੂੰ ਦਿੱਤਾ ਗਿਆ ਮਾਣ ਉਹਨਾਂ ਨੂੰ ਮਾਨਸਿਕ ਤੌਰ ‘ਤੇ ਹੌਸਲਾ ਦਿੰਦਾ ਹੈ ਤੇ ਉਹੀ ਹੌਸਲਾ ਉਹਨਾਂ ਕਲਮਕਾਰਾਂ ਨੂੰ ਨਰੋਈ ਸਾਹਿਤ ਸਿਰਜਣਾ ਦੇ ਰਾਹ ਤੋਰਦਾ ਹੈ। ਇਸੇ ਮਨਸ਼ੇ ਤਹਿਤ ‘ਪੰਜ ਦਰਿਆ’ ਸਕਾਟਲੈਂਡ ਟੀਮ ਵੱਲੋਂ ਸਾਹਿਤਕਾਰ ਖੇਤਰ ਦੇ ਮਰਜੀਵੜਿਆਂ ਨੂੰ ਸਮੇਂ-ਸਮੇਂ ‘ਤੇ ਮਾਣ ਸਨਮਾਨ ਦਿੱਤਾ ਜਾਂਦਾ ਹੈ। ਆਸਟਰੇਲੀਆ ਵਸਦੇ ਪ੍ਰਸਿੱਧ ਸ਼ਾਇਰ ਜਸਵੰਤ ਵਾਗਲਾ ਦੇ ਗਜ਼ਲ ਸੰਗ੍ਰਹਿ 'ਸਿਲਸਿਲਾ' ਨੂੰ ਲੋਕ ਅਰਪਣ ਕਰਨ ਹਿਤ ਉਲੀਕੇ ਸਮਾਗਮ ਵਿੱਚ ਬੁਲਾਰਿਆਂ ਵੱਲੋਂ ਸਾਹਿਤਕਾਰਾਂ ਦੀ ਪਿੱਠ ਥਾਪੜਨ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ਗਈ।

PunjabKesari

ਜ਼ਿਕਰਯੋਗ ਹੈ ਕਿ ਜਸਵੰਤ ਵਾਗਲਾ ਗ਼ਜ਼ਲ ਦੇ ਖੇਤਰ ਵਿੱਚ ਵੱਡੇ ਨਾਮ ਜਨਾਬ ਗੁਰਦਿਆਲ ਰੌਸ਼ਨ ਜੀ ਦੇ ਸ਼ਾਗਿਰਦ ਹਨ। ਉਹਨਾਂ ਦੇ ਇਸ ਗਜ਼ਲ ਸੰਗ੍ਰਹਿ ਦੀ ਖ਼ਾਸੀਅਤ ਇਹ ਹੈ ਕਿ  ਲੋਕ ਅਰਪਣ ਹੋਣ ਤੋਂ ਪਹਿਲਾਂ ਹੀ ਇਸ ਪੁਸਤਕ ਵਿੱਚ ਦਰਜ ਹੋਈਆਂ ਬਹੁਤ ਸਾਰੀਆਂ ਰਚਨਾਵਾਂ ਵੱਖ-ਵੱਖ ਫ਼ਨਕਾਰਾਂ ਵੱਲੋਂ ਗਾਈਆਂ ਵੀ ਜਾ ਚੁੱਕੀਆਂ ਹਨ। ਰਚਨਾਵਾਂ ਨੂੰ ਕਾਗਜ਼ੀ ਰੂਪ ਵਿੱਚ ਪਾਠਕਾਂ ਦੀਆਂ ਅੱਖਾਂ ਤੱਕ ਪਹੁੰਚਾਉਣ ਦੇ ਨਾਲ-ਨਾਲ ਗਜ਼ਲਾਂ ਨੂੰ ਗਾ ਕੇ ਤੇ ਵੀਡੀਓ ਰੂਪ ਵਿੱਚ ਸ੍ਰੋਤਿਆਂ ਤੇ ਦਰਸ਼ਕਾਂ ਤੱਕ ਪਹੁੰਚਾਉਣ ਦੇ ਉੱਦਮ ਦੀ ਵੀ ਹਾਜ਼ਰੀਨ ਨੇ ਭਰਵੀਂ ਤਾਰੀਫ਼ ਕੀਤੀ।

ਇਸ ਸਮੇਂ ਪ੍ਰਬੰਧਕ ਟੀਮ ਨੇ ਦੂਰੋਂ-ਨੇੜਿਉਂ ਆਏ ਸਾਹਿਤਕ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਅਜਿਹੇ ਸਮਾਗਮ ਉਲੀਕਦੇ ਰਹਿਣ ਦਾ ਵਾਅਦਾ ਦੁਹਰਾਇਆ। ਇਸ ਸਮੇਂ ਸਕਾਟਲੈਂਡ ਦੇ ਪ੍ਰਸਿੱਧ ਸ਼ਾਇਰ ਅਮਨਦੀਪ ਸਿੰਘ ਅਮਨ, ਬਾਬਾ ਬੁੱਢਾ ਦਲ ਗਲਾਸਗੋ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਖਹਿਰਾ, ਬਿੱਟੂ ਗਲਾਸਗੋ ਆਦਿ ਵੱਲੋਂ ਆਪਣੇ ਸੰਬੋਧਨ ਦੌਰਾਨ ਜਸਵੰਤ ਵਾਗਲਾ ਨੂੰ ਪੁਸਤਕ ਲੋਕ ਅਰਪਣ ਹੋਣ ਦੀ ਵਧਾਈ ਪੇਸ਼ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਹਰਦਿਆਲ ਸਿੰਘ ਬਾਰ੍ਹੀ, ਅਨੂਪ ਵਾਲੀਆ, ਬਲਬੀਰ ਸਿੰਘ ਫਰਵਾਹਾ, ਗੁਰਮੀਤ ਸਿੰਘ ਹਿੰਮਤਪੁਰਾ, ਕੁਲਦੀਪ ਸਿੰਘ ਗਰੇਵਾਲ, ਪਰਮਿੰਦਰ ਸਿੰਘ ਭੰਮਰਾ, ਮਹਿਕ ਪੰਜਾਬ ਦੀ ਗਿੱਧਾ ਗਰੁੱਪ ਵੱਲੋਂ ਅਮ੍ਰਿਤ ਕੌਰ ਸਰਾਓ, ਨਿਰਮਲ ਕੌਰ ਗਿੱਲ, ਰੋਜੀ ਬਮਰਾਹ, ਹਰਜਿੰਦਰ ਕੌਰ ਮੀਨੀਆਂ, ਨੀਲਮ ਖੁਰਮੀ, ਜਸਪਾਲ ਕੌਰ ਭੰਮਰਾ, ਅਮ੍ਰਿਤ ਕੌਰ ਚੀਤਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।


author

cherry

Content Editor

Related News