ਸਕਾਟਲੈਂਡ: ਬੱਸਾਂ ਨੂੰ ਆਵਾਜਾਈ ਲਈ ਮੋਹਰੀ ਬਨਾਉਣ ਲਈ ਗ੍ਰਾਂਟ ਜਾਰੀ
Wednesday, Jun 23, 2021 - 04:07 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) - ਸਕਾਟਲੈਂਡ ਦੀ ਸਰਕਾਰ ਵੱਲੋਂ ਬੱਸ ਸੇਵਾਵਾਂ ਦੇ ਢਾਂਚੇ ਨੂੰ ਸੁਧਾਰਨ ਅਤੇ ਆਕਰਸ਼ਕ ਰੂਪ ਦੇਣ ਲਈ 23.6 ਮਿਲੀਅਨ ਤੱਕ ਦਾ ਫੰਡ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਇਹ ਪੈਸਾ ਸਥਾਨਕ ਕਾਉਂਸਲਾਂ ਨੂੰ ਪ੍ਰਦਾਨ ਕੀਤਾ ਜਾਵੇਗਾ, ਜੋ ਕਿ ਬੱਸ ਲੇਨ ਅਤੇ ਟ੍ਰੈਫਿਕ ਲਾਈਟਾਂ ਆਦਿ ਵਿਚ ਸੁਧਾਰ ਕਰੇਗਾ। ਸਕਾਟਲੈਂਡ ਸਰਕਾਰ ਅਨੁਸਾਰ ਇਹ ਰਾਸ਼ੀ ਕਾਰ ਦੇ ਬਦਲ ਵਜੋਂ ਜਨਤਕ ਆਵਾਜਾਈ ਨੂੰ ਤੇਜ਼, ਵਧੇਰੇ ਭਰੋਸੇਮੰਦ ਅਤੇ ਵਧੇਰੇ ਆਕਰਸ਼ਕ ਬਣਾਉਣ ਵਿਚ ਸਹਾਇਤਾ ਕਰੇਗੀ।
ਇਹ ਫੰਡ ਬੱਸ ਅਪਰੇਟਰਾਂ ਅਤੇ ਟ੍ਰਾਂਸਪੋਰਟ ਅਧਿਕਾਰੀਆਂ ਨੂੰ ਭੀੜ ਨੂੰ ਘਟਾਉਣ ਲਈ ਬੱਸਾਂ ਦੀਆਂ ਨਵੀਆਂ ਯੋਜਨਾਵਾਂ ਵਿਕਸਿਤ ਕਰਨ ਵਿਚ ਵੀ ਸਹਾਇਤਾ ਕਰੇਗਾ। ਟ੍ਰਾਂਸਪੋਰਟ ਮੰਤਰੀ ਗ੍ਰੇਮ ਡੇ ਨੇ ਬੱਸ ਆਵਾਜਾਈ ਲਈ ਫੰਡਾਂ ਦੀ ਘੋਸ਼ਣਾ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਹੈ। ਗ੍ਰੇਮ ਅਨੁਸਾਰ ਇਸ ਵਿੱਤੀ ਸਹਾਇਤਾ ਦਾ ਉਦੇਸ਼ ਬੱਸ ਉਪਭੋਗਤਾਵਾਂ ਅਤੇ ਵਾਤਾਵਰਣ ਲਈ ਵਧੀਆ ਨਤੀਜੇ ਪ੍ਰਦਾਨ ਕਰਨ 'ਤੇ ਕੇਂਦ੍ਰਿਤ ਹੈ ਅਤੇ ਇਸ ਪੂੰਜੀ ਨਿਵੇਸ਼ ਨਾਲ ਬੱਸ ਟ੍ਰਾਂਸਪੋਰਟ ਭਵਿੱਖ ਵਿਚ ਸਭ ਲਈ ਦਿਲਚਸਪ ਬਣੇਗਾ। ਸਰਕਾਰ ਵੱਲੋਂ ਇਸ ਵਿੱਤੀ ਸਹਾਇਤਾ ਵਿਚ ਅੱਠ ਪਾਰਟਨਰਸ਼ਿਪਾਂ ਵਿਚ ਕੁੱਲ 27 ਸਥਾਨਕ ਅਥਾਰਟੀਆਂ ਨੂੰ ਫੰਡ ਪ੍ਰਦਾਨ ਕੀਤੇ ਗਏ ਹਨ।