ਸਕਾਟਲੈਂਡ : NHS ਨਾਲ ਸਬੰਧਿਤ ਭ੍ਰਿਸ਼ਟਾਚਾਰ ਦੀ ਜਾਂਚ ਤੋਂ ਬਾਅਦ 8 ਲੋਕਾਂ ’ਤੇ ਲੱਗੇ ਦੋਸ਼
Saturday, Nov 27, 2021 - 05:56 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਐੱਨ. ਐੱਚ. ਐੱਸ. ਕੰਟਰੈਕਟਸ ਨਾਲ ਸਬੰਧਿਤ ਭ੍ਰਿਸ਼ਟਾਚਾਰ ਦੀ ਇਕ ਵੱਡੀ ਜਾਂਚ ਦੇ ਨਤੀਜੇ ਵਜੋਂ ਸਿਹਤ ਬੋਰਡ ਦੇ ਸੀਨੀਅਰ ਅਧਿਕਾਰੀਆਂ ਸਮੇਤ 8 ਲੋਕਾਂ ’ਤੇ ਦੋਸ਼ ਲਗਾਏ ਗਏ ਹਨ। ਦੇਸ਼ ਦੇ ਕੁਝ ਸਭ ਤੋਂ ਵੱਡੇ ਸਿਹਤ ਬੋਰਡਾਂ ਦੇ ਸਾਬਕਾ ਆਈ. ਟੀ. ਅਤੇ ਸੰਚਾਰ ਮੁਖੀ, ਆਇਰਸ਼ਾਇਰ ਟੈਲੀਕਾਮ ਫਰਮ ਦੇ ਡਾਇਰੈਕਟਰਾਂ ਦੇ ਨਾਲ-ਨਾਲ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ’ਚੋਂ ਹਨ। ਇਸ ਸਬੰਧੀ ਪਹਿਲੀ ਵਾਰ ਜਾਂਚ ਸ਼ੁਰੂ ਹੋਣ ਤੋਂ ਛੇ ਸਾਲ ਬਾਅਦ ਛੇ ਪੁਰਸ਼ ਅਤੇ ਦੋ ਔਰਤਾਂ ਪਿਛਲੇ ਦਿਨੀਂ ਅਦਾਲਤ ’ਚ ਪੇਸ਼ ਹੋਏ । ਰਿਕਾਰਡ ਅਨੁਸਾਰ 2015 ’ਚ ਐੱਨ. ਐੱਚ. ਐੱਸ. ਕਾਊਂਟਰ ਫਰਾਡ ਜਾਂਚਕਰਤਾਵਾਂ ਨੇ ਇਰਵਿਨ-ਆਧਾਰਿਤ ਫਰਮ ਓਰੀਕਾਮ ਦੇ ਦਫਤਰਾਂ ’ਤੇ ਛਾਪਾ ਮਾਰਿਆ ਸੀ, ਜੋ ਐੱਨ. ਐੱਚ. ਐੱਸ. ਲੈਨਾਰਕਸ਼ਾਇਰ, ਐੱਨ. ਐੱਚ. ਐੱਸ. ਲੋਥੀਅਨ ਅਤੇ ਐੱਨ. ਐੱਚ. ਐੱਸ. ਆਇਰਸ਼ਾਇਰ ਅਤੇ ਅਰਨ ਸਮੇਤ ਸਿਹਤ ਬੋਰਡਾਂ ਦੀ ਇਕ ਲੜੀ ਨੂੰ ਫ਼ੋਨ ਅਤੇ ਆਈ. ਟੀ. ਸਬੰਧੀ ਸੌਦੇ ਪ੍ਰਦਾਨ ਕਰ ਰਹੀ ਸੀ।
ਇਸ ਤੋਂ ਦੋ ਸਾਲ ਬਾਅਦ ਸਰਕਾਰੀ ਵਕੀਲਾਂ ਨੂੰ ਇਕ ਰਿਪੋਰਟ ਦਿੱਤੀ ਗਈ, ਜਿਸ ’ਚ ਕਰਾਊਨ ਨੇ ਪੁਸ਼ਟੀ ਕੀਤੀ ਕਿ ਇਹ 2000 ਅਤੇ 2014 ਦੇ ਵਿਚਕਾਰ ਦੀ ਜਾਣਕਾਰੀ 'ਤੇ ਵਿਚਾਰ ਕਰ ਰਿਹਾ ਸੀ। ਇਸ ਮਾਮਲੇ ’ਚ ਅੱਠ ਮੁਲਜ਼ਮਾਂ ਨੇ ਪਿਛਲੇ ਦੋ ਹਫ਼ਤਿਆਂ ’ਚ ਐਡਿਨਬਰਾ ਸ਼ੈਰਿਫ ਕੋਰਟ ’ਚ ਆਪਣੀ ਪਹਿਲੀ ਪੇਸ਼ੀ ਭੁਗਤੀ। ਇਨ੍ਹਾਂ ’ਚ ਓਰੀਕਾਮ ਦੇ ਮੌਜੂਦਾ ਨਿਰਦੇਸ਼ਕ ਗੇਵਿਨ ਬ੍ਰਾਊਨ (44) ਅਤੇ ਐਡਮ ਸ਼ਾਰੌਦੀ (38) ਅਤੇ ਸਾਬਕਾ ਨਿਰਦੇਸ਼ਕ ਡੇਵਿਡ ਬੇਲੀ (44) ਸ਼ਾਮਲ ਹਨ। ਇਸ ਮਾਮਲੇ ’ਚ ਦੋਸ਼ੀਆਂ ਨੇ ਕੋਈ ਅਪੀਲ ਨਹੀਂ ਕੀਤੀ ਅਤੇ ਉਹ ਇਸ ਹਫ਼ਤੇ ਬੁੱਧਵਾਰ ਅਤੇ ਪਿਛਲੇ ਹਫ਼ਤੇ ਬੁੱਧਵਾਰ ਨੂੰ ਦੋ ਸੁਣਵਾਈਆਂ ਦੌਰਾਨ ਪੇਸ਼ ਹੋਏ ਹਨ। ਫਿਲਹਾਲ ਸਾਰਿਆਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ ਹੈ, ਜਦਕਿ ਉਹ ਅਦਾਲਤ ’ਚ ਪੇਸ਼ੀ ਲਈ ਪੇਸ਼ ਹੋਣਗੇ।