ਸਕਾਟਲੈਂਡ : ਅੱਗ ਬੁਝਾਊ ਕਾਮਿਆਂ ਦੇ ਹਰ ਸਾਲ ਇਸ ਕਾਰਨ 64,000 ਘੰਟੇ ਹੁੰਦੇ ਹਨ ਬਰਬਾਦ
Wednesday, Sep 29, 2021 - 05:15 PM (IST)
ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)-ਸਕਾਟਲੈਂਡ ’ਚ ਅੱਗ ਬੁਝਾਊ ਵਿਭਾਗ ਦੇ ਕਰਮਚਾਰੀ ਨਾਗਰਿਕਾਂ ਦੇ ਘਰਾਂ, ਕਾਰੋਬਾਰਾਂ ਆਦਿ ਨੂੰ ਅੱਗ ਲੱਗਣ ਦੀ ਸੂਰਤ ’ਚ ਸੁਰੱਖਿਆ ਪ੍ਰਦਾਨ ਕਰਦੇ ਹਨ ਪਰ ਇਸ ਸਬੰਧੀ ਸਕਾਟਿਸ਼ ਫਾਇਰ ਐਂਡ ਰੈਸਕਿਊ ਸਰਵਿਸ (ਐੱਸ. ਐੱਫ. ਆਰ. ਐੱਸ.) ਦੇ ਅੰਕੜਿਆਂ ਅਨੁਸਾਰ ਹਰ ਸਾਲ ਅੱਗ ਬੁਝਾਊ ਕਾਮਿਆਂ ਦੇ ਲੱਗਭਗ 64,000 ਘੰਟੇ ਅੱਗ ਲੱਗਣ ਦੀਆਂ ਗਲਤ ਸੂਚਨਾਵਾਂ ਨਾਲ ਸਬੰਧਿਤ ਸਥਾਨਾਂ ’ਤੇ ਜਾਣ ਕਾਰਨ ਖਰਾਬ ਹੁੰਦੇ ਹਨ। ਅੰਕੜਿਆਂ ਅਨੁਸਾਰ ਸਕਾਟਿਸ਼ ਫਾਇਰ ਵਿਭਾਗ ਹਰ ਸਾਲ ਤਕਰੀਬਨ 28,479 ਝੂਠੇ ਫਾਇਰ ਅਲਾਰਮਾਂ ’ਚੋਂ ਹਰੇਕ ਲਈ ਦੋ ਫਾਇਰ ਵਾਹਨ ਅਤੇ 9 ਫਾਇਰ ਫਾਈਟਰਾਂ ਨੂੰ ਭੇਜਦਾ ਹੈ ਅਤੇ ਇਹ ਲੱਗਭਗ 57,000 ਬੇਲੋੜੀਆਂ ਯਾਤਰਾਵਾਂ ਦੇ ਬਰਾਬਰ ਹੈ। ਅੱਗ ਲੱਗਣ ਦੇ ਜ਼ਿਆਦਾਤਰ ਅਲਾਰਮ ਕਿਸੇ ਨੁਕਸ ਜਾਂ ਹੋਰ ਕਾਰਨਾਂ ਕਰਕੇ ਵੱਜਦੇ ਹਨ, ਜਿਵੇਂ ਕਿ ਭਾਫ ਜਾਂ ਸੜਿਆ ਭੋਜਨ।
ਇਨ੍ਹਾਂ ਵਿੱਚੋਂ ਸਿਰਫ ਦੋ ਪ੍ਰਤੀਸ਼ਤ ਅਸਲ ਵਿੱਚ ਅੱਗ ਨਾਲ ਜੁੜੇ ਹੁੰਦੇ ਹਨ ਅਤੇ ਇਨ੍ਹਾਂ ’ਚੋਂ ਜ਼ਿਆਦਾਤਰ ਅਮਲੇ ਦੇ ਆਉਣ ਤੋਂ ਪਹਿਲਾਂ ਹੀ ਸੁਲਝ ਜਾਂਦੇ ਹਨ। ਫਾਇਰ ਵਿਭਾਗ ਦੇ ਅਧਿਕਾਰੀ ਸਟੁਅਰਟ ਸਟੀਵਨਜ਼ ਅਨੁਸਾਰ ਕਾਰੋਬਾਰੀ ਅਤੇ ਨਾਗਰਿਕ ਇਨ੍ਹਾਂ ਅੰਕੜਿਆਂ ਨੂੰ ਘਟਾਉਣ ਵਿੱਚ ਮੁੱਖ ਭੂਮਿਕਾ ਨਿਭਾ ਸਕਦੇ ਹਨ, ਜਿਸ ਲਈ ਉਨ੍ਹਾਂ ਨੂੰ ਸਲਾਹ-ਮਸ਼ਵਰੇ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਸਟੁਅਰਟ ਅਨੁਸਾਰ ਕਾਰਜ ਸਥਾਨਾਂ ਤੋਂ ਝੂਠੇ ਫਾਇਰ ਅਲਾਰਮ ਦੀ ਜਾਂਚ ਕਰਨ ਲਈ ਹਰ ਸਾਲ ਲੱਗਭਗ 64,000 ਘੰਟਿਆਂ ਦਾ ਸਮਾਂ ਫਾਇਰ ਫਾਈਟਰਜ਼ ਵੱਲੋਂ ਬਿਤਾਇਆ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਯਾਤਰਾ ਦੌਰਾਨ ਅੰਦਾਜ਼ਨ 575 ਟਨ ਕਾਰਬਨ ਨਿਕਾਸ ਦਾ ਉਤਪਾਦਨ ਵੀ ਹੁੰਦਾ ਹੈ।