ਸਕੂਲਾਂ ''ਚ ਜਲਿਆਂਵਾਲਾ ਬਾਗ ਸਣੇ ਪੜ੍ਹਾਇਆ ਜਾਵੇਗਾ ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਬਾਰੇ

11/27/2019 12:52:34 AM

ਲੰਡਨ (ਏਜੰਸੀ)- ਬ੍ਰਿਟੇਨ ਦੀਆਂ ਆਮ ਚੋਣਾਂ 'ਚ ਜੇਕਰ ਵਿਰੋਧੀ ਧਿਰ ਲੇਬਰ ਪਾਰਟੀ ਸੱਤਾ 'ਚ ਆਉਂਦੀ ਹੈ ਤਾਂ ਉਥੋਂ ਦੇ ਸਕੂਲੀ ਬੱਚੇ ਇਹ ਜਾਨ ਸਕਣਗੇ ਕਿ ਬ੍ਰਿਟਿਸ਼ ਰਾਜ ਵਿਚ ਲੋਕਾਂ ਨਾਲ ਕਿਸ ਤਰ੍ਹਾਂ ਬੇਇਨਸਾਫੀ ਕੀਤੀ ਗਈ ਸੀ। 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਲਈ ਮੈਨੀਫੈਸਟੋ ਜਾਰੀ ਕਰਦੇ ਹੋਏ ਲੇਬਰ ਪਾਰਟੀ ਨੇ ਕਿਹਾ ਹੈ ਕਿ ਉਸ ਦੀ ਸਰਕਾਰ ਬਣਨ 'ਤੇ ਦੇਸ਼ ਦੇ ਸਕੂਲਾਂ ਵਿਚ ਬੱਚਿਆਂ ਨੂੰ ਬ੍ਰਿਟੇਨ ਦੇ ਬਸਤੀਵਾਦੀ ਇਤਿਹਾਸ ਅਤੇ ਬ੍ਰਿਟਿਸ਼ ਰਾਜ ਦੇ ਜ਼ੁਲਮਾਂ ਬਾਰੇ ਪੜਾਇਆ ਜਾਵੇਗਾ। ਪਾਰਟੀ ਨੇ ਇਸ ਲਈ ਇਕ ਨਵਾਂ ਵਿੱਦਿਅਕ ਟਰੱਸਟ ਬਣਾਉਣ ਦਾ ਵਾਅਦਾ ਕੀਤਾ ਹੈ।

ਲੇਬਰ ਪਾਰਟੀ ਨੇ ਰੇਸ ਐਂਡ ਫੇਥ ਮੈਨੀਫੈਸਟੋ ਟਾਈਟਲ ਨਾਲ ਮੈਨੀਫੈਸਟੋ ਜਾਰੀ ਕੀਤਾ ਹੈ। ਪਿਛਲੇ ਹਫਤੇ ਪਾਰਟੀ ਨੇ ਮੂਲ ਮੈਨੀਫੈਸਟੋ ਜਾਰੀ ਕੀਤਾ ਸੀ, ਜਿਸ ਵਿਚ ਜਲਿਆਂਵਾਲਾ ਬਾਗ ਕਤਲੇਆਮ ਲਈ ਰਸਮੀ ਮੁਆਫੀ ਮੰਗਣ ਦਾ ਵਾਅਦਾ ਕੀਤਾ ਸੀ। ਬ੍ਰਿਟਿਸ਼ ਰਾਜ ਦੌਰਾਨ ਅਪ੍ਰੈਲ 1919 ਵਿਚ ਅੰਮ੍ਰਿਤਸਰ ਵਿਚ ਜਲਿਆਂਵਾਲਾ ਬਾਗ ਵਿਚ ਇਕੱਠੇ ਹੋਏ ਨਿਹੱਥੇ ਲੋਕਾਂ 'ਤੇ ਜਨਰਲ ਡਾਇਰ ਨੇ ਗੋਲੀਆਂ ਚਲਵਾਈਆਂ ਸਨ, ਜਿਸ ਵਿਚ ਵੱਡੀ ਗਿਣਤੀ ਵਿਚ ਬੱਚੇ, ਔਰਤਾਂ ਅਤੇ ਬਜ਼ੁਰਗ ਮਾਰੇ ਗਏ ਸਨ।
ਬ੍ਰਿਟੇਨ ਦੇ ਭਾਰਤੀ ਕਾਮਿਆਂ ਦੇ ਸਭ ਤੋਂ ਪੁਰਾਣੇ ਸਮੂਹਾਂ ਵਿਚੋਂ ਇਕ ਇੰਡੀਅਨ ਵਰਕਰਸ ਐਸੋਸੀਏਸ਼ਨ ਆਫ ਗ੍ਰੇਟ ਬ੍ਰਿਟੇਨ (ਆਈ.ਡਬਲਿਊ-ਜੀ.ਬੀ.) ਦੇ ਰਾਸ਼ਟਰੀ ਉਪ ਪ੍ਰਧਾਨ ਹਰਸੇਵ ਬੈਂਸ ਨੇ ਕਿਹਾ ਕਿ ਬੱਚਿਆਂ ਨੂੰ ਉਪਨਿਵੇਸ਼ਵਾਦ, ਬੇਇਨਸਾਫੀ ਅਤੇ ਬ੍ਰਿਟਿਸ਼ ਸਾਮਰਾਜ ਦੀ ਭੂਮਿਕਾ ਬਾਰੇ ਪੜਾਇਆ ਜਾਣਾ ਬਹੁਤ ਹੀ ਮਹੱਤਵਪੂਰਨ ਹੈ। ਇਹ ਬਹੁਤ ਵੱਡਾ ਕਦਮ ਹੋਵੇਗਾ, ਜੋ ਸਾਡੀ ਬਹੁਤ ਪੁਰਾਣੀ ਮੰਗ ਨੂੰ ਪੂਰਾ ਕਰੇਗੀ।

ਬ੍ਰਿਟੇਨ ਵਿਚ ਯਹੂਦੀਆਂ ਦੇ ਸਭ ਤੋਂ ਸੀਨੀਅਰ ਪਾਦਰੀ (ਰੱਬੀ) ਨੇ ਮੰਗਲਵਾਰ ਨੂੰ ਕਿਹਾ ਕਿ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਪ੍ਰਧਾਨ ਮੰਤਰੀ ਅਹੁਦੇ ਦੇ ਕਾਬਲ ਨਹੀਂ ਹਨ। ਕਾਰਬਿਨ 'ਤੇ ਯਹੂਦੀ ਵਿਰੋਧੀ ਹੋਣ ਦਾ ਦੋਸ਼ ਹੈ। ਮੁੱਖ ਰੱਬੀ ਐਫਰੈਮ ਮਿਰਵਿਸ ਨੇ ਦਿ ਟਾਈਮਜ਼ ਵਿਚ ਪ੍ਰਕਾਸ਼ਿਤ ਆਪਣੇ ਲੇਖ ਵਿਚ ਕਿਹਾ ਹੈ ਕਿ 12 ਦਸੰਬਰ ਦੀਆਂ ਚੋਣਾਂ ਤੋਂ ਪਹਿਲਾਂ ਲੇਬਰ ਪਾਰਟੀ ਨੂੰ ਲੈ ਕੇ ਬ੍ਰਿਟੇਨ ਦੇ ਯਹੂਦੀਆਂ ਵਿਚਾਲੇ ਚਿੰਤਾ ਵੱਧ ਗਈ ਹੈ। ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਲੋਕ ਆਪਣੀ  ਅੰਤਆਤਮਾ ਦੀ ਆਵਾਜ਼ 'ਤੇ ਵੋਟਿੰਗ ਕਰਨ। ਦੱਸ ਦਈਏ ਕਿ ਕਾਰਬਿਨ ਨੂੰ ਫਲਸਤੀਨ ਸਮਰਥਕ ਮੰਨਿਆ ਜਾਂਦਾ ਹੈ। ਹਾਲਾਂਕਿ, ਉਹ ਕਈ ਵਾਰ ਇਹ ਸਫਾਈ ਦੇ ਚੁੱਕੇ ਹਨ ਕਿ ਉਹ ਯਹੂਦੀ ਵਿਰੋਧੀ ਨਹੀਂ ਹਨ ਅਤੇ ਜੇਕਰ ਉਨ੍ਹਾਂ ਦੀ ਸਰਕਾਰ ਬਣਦੀ ਹੈ ਤਾਂ ਬ੍ਰਿਟੇਨ ਵਿਚ ਹਰ ਵਰਗ ਦੇ ਲੋਕਾਂ ਨੂੰ ਬਰਾਬਰ ਦੇ ਅਧਿਕਾਰ ਮਿਲਣਗੇ ਅਤੇ ਸਭ ਦਾ ਸਨਮਾਨ ਹੋਵੇਗਾ।


Sunny Mehra

Edited By Sunny Mehra