ਨਿਊਜ਼ੀਲੈਂਡ ''ਚ ਭਾਰਤੀ ਦੇ ''ਪਿੱਜ਼ਾ'' ਨੇ ਕੀਤਾ ਕਮਾਲ, ਰਚੀ ਸਫਲਤਾ ਦੀ ਅਨੋਖੀ ਮਿਸਾਲ (ਤਸਵੀਰਾਂ)

02/12/2016 10:14:24 AM


ਆਕਲੈਂਡ— ਭਾਰਤ ਵਿਚ ਆਪਣਾ ਸਭ ਕੁਝ ਦਾਅ ''ਤੇ ਲਾ ਕੇ ਜਾਣ ਵਾਲੇ ਭਾਰਤੀਆਂ ਦੀਆਂ ਖੁੱਲ੍ਹੀਆਂ ਅੱਖਾਂ ਵਿਚ ਕਈ ਸੁਪਨੇ ਹੁੰਦੇ ਹਨ, ਜਿਨ੍ਹਾਂ ਨੂੰ ਪੂਰੇ ਕਰਨ ਲਈ ਉਹ ਦਿਨ-ਰਾਤ ਇਕ ਕਰ ਦਿੰਦੇ ਹਨ, ਤਦ ਜਾ ਕੇ ਬੇਗਾਨੇ ਦੇਸ਼ ਵਿਚ ਕਿਸੇ ਭਾਰਤੀ ਦੀ ਸਫਲਤਾ ਦੀ ਕਹਾਣੀ ਬਣਦੀ ਹੈ, ਜਿਸ ''ਤੇ ਪੂਰਾ ਭਾਰਤ ਮਾਣ ਕਰ ਸਕਦਾ ਹੈ। ਸੱਤ ਸਾਲ ਤੋਂ ਪਹਿਲਾਂ ਇਸੇ ਤਰ੍ਹਾਂ ਦੇ ਸੁਪਨੇ ਲੈ ਕੇ ਨਿਊਜ਼ੀਲੈਂਡ ਗਏ ਭਾਰਤੀ ਨੌਜਵਾਨ ਸਾਵੀ ਅਰੋੜਾ ਦੀ ਕਹਾਣੀ ਵੀ ਕੁਝ ਅਜਿਹੀ ਹੀ ਹੈ। ਮਿਹਨਤਕਸ਼ ਸਾਵੀ ਅਰੋੜਾ ਦੇ ਪਰਿਵਾਰ ਨੇ ਉਸ ਦਾ ਨਿਊਜ਼ੀਲੈਂਡ ਜਾਣ ਦਾ ਸੁਪਨਾ ਪੂਰਾ ਕਰਨ ਲਈ ਬੈਂਕ ''ਚ ਆਪਣਾ ਘਰ ਤੱਕ ਗਿਰਵੀ ਰੱਖ ਦਿੱਤਾ ਸੀ। ਅੱਜ ਸਾਵੀ ਅਰੋੜਾ ਦੀ ਸਫਲਤਾ ਦਾ ਇਹ ਆਲਮ ਹੈ ਕਿ ਅੱਜ ਉਹ ਨਿਊਜ਼ੀਲੈਂਡ ਵਿਚ ''ਪਿੱਜ਼ਾ ਬੈਲਾ'' ਨਾਂ ਦੇ ਫੂਡ ਸਟੋਰਾਂ ਦਾ ਮਾਲਕ ਹੈ। ਅੱਜ ਉਹ ਡੂਨੇਡੀਨ ਵਿਖੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ। 
ਸਾਵੀ ਨਿਊਜ਼ੀਲੈਂਡ ਵਿਚ ਸੱਤ ਸਾਲ ਪਹਿਲਾਂ ਸਿੱਖਿਆ ਪ੍ਰਾਪਤ ਕਰਨ ਲਈ ਆਇਆ ਸੀ। ਇੱਥੇ ਕ੍ਰਾਈਸਟਚਰਚ ਵਿਖੇ ਅਨਜਾਣ ਲੋਕਾਂ ਵਿਚ ਬਿਨਾਂ ਪੈਸੇ ਦੇ ਰਹਿ ਕੇ ਉਸ ਨੂੰ ਅਹਿਸਾਸ ਹੋ ਗਿਆ ਕਿ ਆਪਣਿਆਂ ਦੀ ਕੀਮਤ ਕੀ ਹੁੰਦੀ ਹੈ ਪਰ ਜੇਬ ਵਿਚ ਧੇਲਾ ਨਾ ਹੋਣ ਕਾਰਨ ਉਹ ਵਾਪਸ ਨਾ ਜਾ ਸਕਿਆ। ਸੋ ਇੱਥੇ ਰਹਿ ਕੇ ਹੀ ਉਸ ਨੇ ਕੁਝ ਕਰਨ ਦਾ ਸੋਚਿਆ। ਸਿਰਫ ਇਕ ਬੈੱਡ ਡਿਠਣ ਜੋਗੇ ਕਮਰੇ ਵਿਚ ਸਾਵੀ ਨੇ ਕਾਫੀ ਲੰਬਾਂ ਸਮਾਂ ਹੰਡਾਇਆ। ਪੜ੍ਹਾਈ ਦੇ ਨਾਲ-ਨਾਲ ਉਸ ਨੇ ਕੰਮ ਦੀ ਤਲਾਸ਼ ਸ਼ੁਰੂ ਕਰ ਦਿੱਤੀ ਕਿਉਂਕਿ ਨਿਊਜ਼ੀਲੈਂਡ ਵਰਗੇ ਦੇਸ਼ ਵਿਚ ਰਹਿਣ ਲਈ ਉਸ ਕੋਲ ਕੋਈ ਪੈਸਾ ਨਹੀਂ ਸੀ। ਇਸ ਦੌਰਾਨ ''ਨਾਈਟ ਐਂਡ ਡੇਅ'' ਫੂਡ ਸਟੋਰ ਵਿਚ ਉਸ ਨੂੰ ਕੰਮ ਮਿਲ ਗਿਆ। ਉੱਥੇ ਦਿਨ ਰਾਤ ਮਿਹਨਤ ਕਰਨ ਤੋਂ ਕਈ ਮਹੀਨਿਆਂ ਬਾਅਦ ਉਹ ਇਸ ਕਾਬਲ ਹੋਇਆ ਕਿ ਆਪਣੇ ਪਰਿਵਾਰ ਨੂੰ ਕੁਝ ਪੈਸੇ ਭੇਜ ਸਕੇ। ਇਸ ਦੌਰਾਨ ਸਾਵੀ ਦੀ ਪੜ੍ਹਾਈ ਵੀ ਪੂਰੀ ਹੋ ਗਈ ਤੇ ਇਸੇ ਫੂਡ ਸਟੋਰ ਨੇ ਉਸ ਦੀ ਮਿਹਨਤ ਨੂੰ ਦੇਖਦੇ ਹੋਏ ਉਸ ਨੂੰ ਡਿਊਟੀ ਮੈਨੇਜਰ ਬਣਾ ਦਿੱਤਾ। ਕ੍ਰਾਈਸਟਚਰਚ ਵਿਚ ਆਏ ਭੂਚਾਲ ਤੋਂ ਬਾਅਦ ਉਸ ਦੀ ਉਹ ਨੌਕਰੀ ਕਾਫੀ ਪ੍ਰਭਾਵਿਤ ਹੋਈ। ''ਨਾਈਟ ਐਂਡ ਡੇਅ'' ਦੇ ਫੂਡ ਸਟੋਰ ਹੋਰ ਸਟੇਸ਼ਨਾਂ ''ਤੇ ਚਲੇ ਗਏ ਅਤੇ ਸਾਵੀ ਨੂੰ ਆਪਣੀ ਨੌਕਰੀ ਛੱਡਣੀ ਪਈ। ਦੋ ਸਾਲਾਂ ਤੱਕ ਕਾਫੀ ਮਿਹਨਤ ਮੁਸ਼ੱਕਤ ਤੋਂ ਬਾਅਦ ਸਾਵੀ ਨੂੰ ਡੂਨੇਡੀਨ ਵਿਖੇ ਸਥਿਤ ਨਾਈਟ ਐੈਂਡ ਡੇਅ ਫੂਡ ਸਟੋਰ ਦੇ ਹੈੱਡ ਆਫਿਸ ਵਿਚ ਨੌਕਰੀ ਦਾ ਆਫਰ ਮਿਲਿਆ ਤੇ ਇੱਥੋਂ ਉਸ ਦੀ ਜ਼ਿੰਦਗੀ ਦਾ ਨਵਾਂ ਅਧਿਆਏ ਖੁੱਲ੍ਹ ਗਿਆ। ਇਸ ਵਾਰ ਉਸ ਦਾ ਅਹੁਦਾ ਆਪ੍ਰੇਸ਼ਨ ਅਸਿਸਟੈਂਟ ਮੈਨੇਜਰ ਦਾ ਸੀ। ਇਸ ਦੌਰਾਨ ਵੀ ਸਾਵੀ ਦੇ ਅੰਦਰ ਕੁਝ ਨਵਾਂ ਕਰਨ ਦੀ ਅੱਗ ਸੀ। ਉਸ ਨੇ ਆਪਣਾ ਪਿੱਜ਼ਾ ਸਟੋਰ ਖੋਲ੍ਹਣ ਦੀ ਸੋਚੀ। ਅੱਜ ਸਾਵੀ ਦੇ ਨਿਊਜ਼ੀਲੈਂਡ ਵਿਚ ਪਿਜ਼ਾ ਬੈਲਾ ਨਾਂ ਤੋਂ 
ਕਈ ਸਟੋਰ ਹਨ ਪਰ ਉਸ ਨੇ ''ਨਾਈਟ ਐਂਡ ਡੇਅ'' ਦਾ ਸਾਥ ਨਹੀਂ ਛੱਡਿਆ। ਉਹ ਕਿਸੀ ਹੋਰ ਥਾਂ ਨਾਲੋਂ ਡੂਨੇਡੀਨ ਵਿਚ ਰਹਿਣ ਜ਼ਿਆਦਾ ਪਸੰਦ ਕਰਦਾ ਹੈ, ਕਿਉਂਕਿ ਇੱਥੇ ਉਸ ਦੇ ਅਸਲੀ ਸਫਰ ਦੀ ਸ਼ੁਰੂਆਤ ਹੋਈ ਸੀ। ਸਾਵੀ ਦਾ ਕਹਿਣਾ ਹੈ ਕਿ ਸਾਰੇ ਲੋਕ ਪਿੱਜ਼ਾ ਖਾਣਾ ਪਸੰਦ ਕਰਦੇ ਹਨ। ਇਸੇ ਲਈ ਉਸ ਨੇ ਪਿੱਜ਼ਾ ਸਟੋਰ ਖੋਲ੍ਹਣ ਦਾ ਸੋਚਿਆ। ਉਸ ਦੇ ਪਿੱਜ਼ਾ ਨੇ ਉਸ ਨੂੰ ਨਿਊਜ਼ੀਲੈਂਡ ਦਾ ਸਟਾਰ ਬਣਾ ਦਿੱਤਾ।

 


Kulvinder Mahi

News Editor

Related News