ਸਾਊਦੀ ਅਰਬ : ਪਾਬੰਦੀ ਹਟਣ ਤੋਂ ਪਹਿਲਾਂ ਗੱਡੀ ਚਲਾਉਣ ''ਤੇ ਔਰਤਾਂ ਨੂੰ ਭੁਗਤਣਾ ਪਏਗਾ ਜੁਰਮਾਨਾ

Wednesday, Oct 11, 2017 - 10:56 PM (IST)

ਰਿਆਦ— ਸਾਊਦੀ ਅਰਬ 'ਚ ਜੂਨ 2018 ਤੋਂ ਔਰਤਾਂ 'ਤੇ ਲੱਗੀ ਡਰਾਈਵਿੰਗ ਦੀ ਪਾਬੰਦੀ ਹਟ ਜਾਵੇਗੀ ਪਰ ਜੋ ਔਰਤਾਂ ਇਸ ਤੋਂ ਪਹਿਲਾਂ ਡਰਾਈਵਿੰਗ ਕਰਨਗੀਆਂ ਉਨ੍ਹਾਂ ਨੂੰ ਜੁਰਮਾਨਾ ਭਰਨਾ ਪਵੇਗਾ। ਜਾਣਕਾਰੀ ਮੁਤਾਬਕ ਸਾਊਦੀ ਅਰਬ 'ਚ ਪਹਿਲੀ ਵਾਰ ਡਰਾਈਵਿੰਗ ਕਰਦੇ ਫੜੇ ਜਾਣ 'ਤੇ 133 ਤੋਂ 239 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਤੇ ਇਸ ਦੇ ਲਈ ਉਨ੍ਹਾਂ ਨੂੰ ਹਿਰਾਸਤ 'ਚ ਨਹੀਂ ਲਿਆ ਜਾਵੇਗਾ। 
ਸਾਊਦੀ ਅਰਬ ਨੇ ਇਹ ਚਿਤਾਵਨੀ ਹਾਲ ਹੀ 'ਚ ਬਿਨਾਂ ਲਾਇਸੰਸ ਦੇ ਗੱਡੀ ਚਲਾਉਣ ਵਾਲੀ ਔਰਤ ਦੀ ਮੌਤ ਤੋਂ ਬਾਅਦ ਜਾਰੀ ਕੀਤੀ ਹੈ। ਕੁਝ ਹੀ ਦਿਨ ਪਹਿਲਾਂ ਇਕ ਵਿਅਕਤੀ ਆਪਣੀ ਪਤਨੀ ਨੂੰ ਕਾਰ ਚਲਾਉਣੀ ਸਿਖਾ ਰਿਹਾ ਸੀ ਤੇ ਅਚਾਨਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਤੇ ਹਾਦਸਾ ਵਾਪਰ ਗਿਆ, ਜਿਸ ਦੌਰਾਨ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਤੇ ਔਰਤ ਦੀ ਮੌਤ ਹੋ ਗਈ। ਇਕ ਹੋਰ ਮਾਮਲੇ 'ਚ ਔਰਤ ਵਲੋਂ ਗੱਡੀ ਚਲਾਉਣ ਦੌਰਾਨ ਹਾਦਸੇ 'ਚ 15 ਸਾਲਾਂ ਲੜਕੇ ਦੀ ਮੌਤ ਹੋ ਗਈ। 
ਪਾਬੰਦੀ ਹਟਣ ਤੋਂ ਪਹਿਲਾਂ ਦੇ ਸਮੇਂ 'ਚ ਔਰਤਾਂ ਨੂੰ ਲਾਇਸੰਸ ਬਣਵਾਉਣ ਲਈ ਸਮਾਂ ਦਿੱਤਾ ਗਿਆ ਹੈ। ਸਾਊਦੀ ਦੇ ਸੁਲਤਾਨ ਦੇ ਇਸ ਫੈਸਲੇ ਨੂੰ ਸਮਾਜ ਲਈ ਬਹੁਤ ਮਹੱਤਵਪੂਰਨ ਦੱਸਿਆ ਜਾ ਰਿਹਾ ਹੈ, ਜਿਥੇ ਔਰਤਾਂ ਤੇ ਪੁਰਸ਼ਾਂ 'ਚ ਭੇਦ ਭਾਵ ਕੀਤਾ ਜਾਂਦਾ ਹੈ।


Related News