ਸਾਊਦੀ ਦੇ ਕ੍ਰਾਊਨ ਪ੍ਰਿੰਸ ਸਲਮਾਨ ਨੂੰ ਮਿਲਣਗੇ ਮਾਇਕ ਪੋਂਪੀਓ

Sunday, Jan 13, 2019 - 08:37 PM (IST)

ਵਾਸ਼ਿੰਗਟਨ — ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਸਾਊਦੀ ਅਰਬ ਦੇ ਦੌਰੇ ਦੌਰਾਨ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕਰਨਗੇ। ਇਹ ਇਸ ਦੌਰਾਨ ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ਦੇ ਬਾਰੇ 'ਚ ਵੀ ਚਰਚਾ ਕਰ ਸਕਦੇ ਹਨ। ਪੋਂਪੀਓ ਨੇ ਸ਼ਨੀਵਾਰ ਨੂੰ ਸੀ. ਬੀ. ਐੱਸ. ਨਿਊਜ਼ ਨੂੰ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਆਖਿਆ ਕਿ ਮੈਂ ਉਥੇ ਕਹਾਂਗਾ ਜੋਂ ਅਸੀਂ ਲਗਾਤਾਰ ਕਹਿ ਰਹੇ ਹਾਂ। ਅਮਰੀਕਾ ਦਾ ਨਿੱਜੀ ਅਤੇ ਜਨਤਕ ਤੌਰ 'ਤੇ ਰੁਖ ਬਰਾਬਰ ਹੈ। ਇਹ ਇਕ ਘਿਣਾਉਣੀ ਅਤੇ ਨਾ-ਮੰਨਣਯੋਗ ਹੱਤਿਆ ਸੀ। ਜਿਹੜੇ ਵੀ ਲੋਕ ਇਸ ਲਈ ਜ਼ਿੰਮੇਵਾਰ ਹਨ ਉਨ੍ਹਾਂ ਨੂੰ ਸਜ਼ਾ ਜ਼ਰੂਰ ਦਿੱਤੀ ਜਾਣੀ ਚਾਹੀਦੀ ਹੈ। ਪੋਂਪੀਓ ਨੇ ਆਖਿਆ ਕਿ ਅਸੀਂ ਇਸ ਨੂੰ ਲੈ ਕੇ ਵਚਨਬੱਧ ਹਾਂ। ਅਸੀਂ ਜਿੰਨੀ ਜਲਦੀ ਹੋ ਸਕੇ ਇਸ 'ਤੇ ਅਗੇ ਵਧਾਂਗੇ। ਸੀ. ਐੱਨ. ਐੱਨ. ਮੁਤਾਬਕ ਦਸੰਬਰ 2018 'ਚ ਸੀਨੇਟ ਨੇ ਖਸ਼ੋਗੀ ਦੀ ਹੱਤਿਆ ਨੂੰ ਲੈ ਕੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਦੀ ਨਿੰਦਾ ਨੂੰ ਲੈ ਕੇ ਇਕ ਪ੍ਰਸਤਾਵ ਪਾਸ ਕੀਤਾ ਸੀ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਮਰੀਕਾ ਦੀਆਂ ਦੋਹਾਂ ਪਾਰਟੀਆਂ ਰਿਪਬਲਿਕਨ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਸੰਸਦੀ ਮੈਂਬਰਾਂ, ਸਵਰਗੀ ਪੱਤਰਕਾਰ ਜਮਾਲ ਖਸ਼ੋਗੀ ਦੇ ਦੋਸਤਾਂ ਅਤੇ ਪ੍ਰੈੱਸ ਆਜ਼ਾਦੀ ਦੀ ਵਕਾਲਤ ਕਰਨ ਵਾਲੇ ਸਮੂਹਾਂ ਨੇ ਪੱਤਰਕਾਰ ਦੀ ਹੱਤਿਆ ਦੇ 100 ਦਿਨ ਪੂਰੇ ਹੋ ਜਾਣ 'ਤੇ ਵੀਰਵਾਰ ਨੂੰ ਸ਼ੋਕ ਪ੍ਰੋਗਰਾਮ ਦਾ ਆਯੋਜਨ ਕੀਤਾ। ਅਮਰੀਕੀ ਝੰਡਿਆਂ ਦੇ ਅੱਗੇ ਖਸ਼ੋਗੀ ਦੀ ਫੋਟੋ ਰੱਖ ਕੇ ਕੁਝ ਦੇਰ ਦਾ ਮੌਨ ਰੱਖਿਆ ਗਿਆ।
ਸਦਨ ਦੀ ਅਗਵਾਈ ਨੈਂਸੀ ਪੇਲੋਸੀ ਨੇ ਵਾਸ਼ਿੰਗਟਨ 'ਚ ਆਯੋਜਿਤ ਪ੍ਰੋਗਰਾਮ ਦੌਰਾਨ ਆਖਿਆ ਕਿ ਖਸ਼ੋਗੀ ਦੀ ਹੱਤਿਆ ਮਨੁੱਖਤਾ 'ਤੇ ਅਤਿਆਚਾਰ ਅਤੇ ਉਸ ਦਾ ਅਪਮਾਨ ਹੈ। ਅਮਰੀਕਾ 'ਚ ਰਹਿੰਦੇ ਹੋਏ ਵਾਸ਼ਿੰਗਟਨ ਪੋਸਟ ਲਈ ਕੰਮ ਕਰਨ ਵਾਲੇ ਖਸ਼ੋਗੀ ਦੀ ਅਕਤੂਬਰ 'ਚ ਇਸਤਾਨਬੁਲ ਸਥਿਤ ਸਾਊਦੀ ਅਰਬ ਦੇ ਵਣਜ ਦੂਤਘਰ 'ਚ ਹੱਤਿਆ ਕਰ ਦਿੱਤੀ ਗਈ ਸੀ। ਉਥੇ ਉਹ ਆਪਣੇ ਵਿਆਹ ਨੂੰ ਲੈ ਕੇ ਦਸਤਾਵੇਜ਼ਾਂ ਸਬੰਧੀ ਰਸਮਾਂ ਪੂਰੀਆਂ ਕਰਨ ਲਈ ਗਏ ਸਨ। ਖਸ਼ੋਗੀ ਦੀ ਮੌਤ 'ਤੇ ਸਾਊਦੀ ਅਰਬ ਨੂੰ ਲੈ ਕੇ ਟਰੰਪ ਦੇ ਰੁਖ 'ਤੇ ਪੂਰੇ ਸਿਆਸੀ ਖੇਮੇ 'ਚ ਗੁੱਸਾ ਦੇਖਣ ਨੂੰ ਮਿਲਿਆ ਸੀ।


Related News