ਇਨ੍ਹਾਂ ਔਰਤਾਂ ਨੇ ਸਾਊਦੀ ਅਰਬ ਸਰਕਾਰ ਨੂੰ ਝੁੱਕਣ ਲਈ ਕੀਤਾ ਮਜਬੂਰ, ਲੜ ਕੇ ਲਿਆ ਡਰਾਈਵਿੰਗ ਦਾ ਹੱਕ
Thursday, Sep 28, 2017 - 06:32 PM (IST)

ਰਿਆਦ, (ਬਿਊਰੋ)— ਸਾਊਦੀ ਅਰਬ 'ਚ ਔਰਤਾਂ ਨੂੰ ਡਰਾਈਵਿੰਗ ਕਰਨ ਦੀ ਇਜਾਜ਼ਤ ਮਿਲ ਗਈ ਹੈ। ਇਸ ਇਤਿਹਾਸਕ ਫੈਸਲੇ ਦੇ ਪਿੱਛੇ ਕੁਝ ਅਜਿਹੀਆਂ ਔਰਤਾਂ ਹਨ, ਜੋ ਕਿ ਕਈ ਸਾਲਾਂ ਤੋਂ ਪੁਰਸ਼ ਪ੍ਰਧਾਨ ਸਮਾਜ ਵਿਰੁੱਧ ਇਕੱਲੀਆਂ ਲੜੀਆਂ। ਔਰਤਾਂ ਨੇ ਕਾਫੀ ਲੰਬੀ ਲੜਾਈ ਲੜੀ ਹੈ। ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਆਪਣੇ ਹੱਕ ਲਈ ਲੜਦੀਆਂ ਰਹੀਆਂ। ਇਨ੍ਹਾਂ ਔਰਤਾਂ ਦੇ ਸਾਹਸ ਨੇ ਆਖਰਕਾਰ ਸਰਕਾਰ ਨੂੰ ਝੁੱਕਣ ਲਈ ਮਜ਼ਬੂਰ ਕਰ ਦਿੱਤਾ।
ਔਰਤਾਂ ਵਲੋਂ ਸਾਊਦੀ ਅਰਬ 'ਚ ਡਰਾਈਵਿੰਗ ਦਾ ਹੱਕ ਲੈਣ ਦਾ ਅੰਦੋਲਨ ਦਹਾਕਿਆਂ ਪੁਰਾਣਾ ਹੈ। ਇਹ ਅੰਦੋਲਨ 1990 ਵਿਚ ਸ਼ੁਰੂ ਹੋਇਆ ਸੀ, ਜਦੋਂ ਕਈ ਔਰਤਾਂ ਨੇ ਰਿਆਦ ਦੀਆਂ ਸੜਕਾਂ 'ਤੇ ਉਤਰ ਕੇ ਡਰਾਈਵਿੰਗ ਕੀਤੀ। ਡਰਾਈਵਿੰਗ ਕਾਰਨ ਇਨ੍ਹਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸਾਲ 2007 ਵਿਚ ਵਾਜੇਹਾ ਅਲ-ਹੁਵਾਏਦਰ ਨੇ ਡਰਾਈਵ ਕਰ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ। ਸਾਲ 2011 ਵਿਚ ਵਾਜੇਹਾ ਨੇ ਫਿਰ ਸਮਾਜ ਦੇ ਸਖਤ ਕਾਨੂੰਨਾਂ ਨੂੰ ਲਲਕਾਰਿਆ। ਉਨ੍ਹਾਂ ਨੇ ਆਪਣੀ ਸਾਥੀ ਮਨਲ ਅਲ-ਸ਼ਰੀਫ ਨਾਲ ਮਿਲ ਕੇ ਇਕ ਇਵੈਂਟ ਦਾ ਆਯੋਜਨ ਕੀਤਾ, ਜਿਸ ਵਿਚ ਵਧ ਤੋਂ ਵਧ ਔਰਤਾਂ ਨੇ ਡਰਾਈਵਿੰਗ ਨੂੰ ਪਹਿਲ ਦਿੱਤੀ। ਇਸ ਲਈ ਉਨ੍ਹਾਂ ਨੂੰ ਦੋ ਵਾਰ ਗ੍ਰਿਫਤਾਰ ਵੀ ਕੀਤਾ ਗਿਆ। ਮਨਲ ਅਲ-ਸ਼ਰੀਫ ਨੇ ਫੇਸਬੁੱਕ 'ਤੇ ਵੀ ਇਕ ਮੁਹਿੰਮ ਚਲਾਈ ਸੀ, ਜਿਸ ਵਿਚ ਸਰਕਾਰ ਤੋਂ ਔਰਤਾਂ ਦੇ ਅਧਿਕਾਰ ਮੰਗੇ ਗਏ ਸਨ। ਇਸ ਲੰਬੀ ਜੱਦੋਂ-ਜਹਿੱਦ ਕਾਰਨ ਹੀ ਸਾਊਦੀ ਅਰਬ 'ਚ ਔਰਤਾਂ ਨੂੰ ਡਰਾਈਵਿੰਗ ਦਾ ਹੱਕ ਮਿਲ ਸਕਿਆ।