ਮੱਕਾ ''ਚ ਮਹਾਰਾਣੀ ਐਲਿਜ਼ਾਬੈਥ II ਲਈ ਉਮਰਾਹ ਕਰਨ ਪੁੱਜਾ ਸ਼ਖ਼ਸ, ਗ੍ਰਿਫ਼ਤਾਰ
Wednesday, Sep 14, 2022 - 11:02 AM (IST)

ਦੁਬਈ (ਏਜੰਸੀ)- ਸਾਊਦੀ ਪੁਲਸ ਨੇ ਇਸ ਹਫ਼ਤੇ ਯਮਨ ਦੇ ਇਕ ਵਿਅਕਤੀ ਨੂੰ ਸੋਸ਼ਲ ਮੀਡੀਆ 'ਤੇ ਮੱਕਾ ਦੀ ਆਪਣੀ ਤੀਰਥ ਯਾਤਰਾ ਦਾ ਪ੍ਰਚਾਰ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ, ਜਿੱਥੇ ਉਸਨੇ ਮਹਾਰਾਣੀ ਐਲਿਜ਼ਾਬੈਥ II ਨੂੰ ਸ਼ਰਧਾਂਜਲੀ ਭੇਂਟ ਕੀਤੀ। ਤੀਰਥ ਯਾਤਰੀ ਦੇ ਨਾਂ ਦਾ ਖ਼ੁਲਾਸਾ ਨਹੀਂ ਕੀਤਾ ਗਿਆ ਹੈ। ਉਸਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਇਕ ਫੁਟੇਜ ਅਪਲੋਡ ਕੀਤੀ ਸੀ, ਜਿਸ ਵਿੱਚ ਉਹ ਮੱਕਾ ਦੀ ਮਸਜਿਦ ਦੇ ਕੰਪਲੈਕਸ ਵਿੱਚ ਮਰਹੂਮ ਮਹਾਰਾਣੀ ਦੇ ਸਨਮਾਨ ਵਿੱਚ ਇੱਕ ਬੈਨਰ ਫੜੇ ਦਿਖਾਈ ਦੇ ਰਿਹਾ ਹੈ।
ਇਹ ਵੀਡੀਓ ਕਲਿੱਪ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਮੁਸਲਮਾਨਾਂ ਵੱਲੋਂ ਨਾਰਾਜ਼ਗੀ ਜ਼ਾਹਰ ਕਰਨ ਤੋਂ ਬਾਅਦ ਸੋਮਵਾਰ ਨੂੰ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ 'ਤੇ ਪਵਿੱਤਰ ਅਸਥਾਨ ਦੇ "ਨਿਯਮਾਂ ਅਤੇ ਹਦਾਇਤਾਂ ਦੀ ਉਲੰਘਣਾ" ਲਈ ਕਾਰਵਾਈ ਕੀਤੀ ਗਈ। ਸੁਰੱਖਿਆ ਬਲਾਂ ਨੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਉਸ ਨੂੰ ਸਰਕਾਰੀ ਵਕੀਲ ਕੋਲ ਭੇਜਿਆ। ਜਾਮਾ ਮਸਜਿਦ ਇਸਲਾਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਹੈ ਅਤੇ ਗੈਰ-ਮੁਸਲਮਾਨਾਂ ਨੂੰ ਇੱਥੇ ਆਉਣ ਦੀ ਮਨਾਹੀ ਹੈ।
ਸਾਊਦੀ ਅਰਬ ਨੇ ਇਸਲਾਮਿਕ ਸੰਵੇਦਨਾਵਾਂ ਨੂੰ ਠੇਸ ਪਹੁੰਚਾਉਣ ਦੇ ਚੱਲਦੇ ਪਵਿੱਤਰ ਵਿਹੜੇ ਤੋਂ ਚਿੰਨ੍ਹਾਂ ਅਤੇ ਸਿਆਸੀ ਨਾਅਰਿਆਂ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਮਹਾਰਾਣੀ ਐਲਿਜ਼ਾਬੈਥ II ਦਾ ਪਿਛਲੇ ਹਫ਼ਤੇ ਦਿਹਾਂਤ ਹੋ ਗਿਆ ਸੀ। ਉਹ ‘ਚਰਚ ਆਫ਼ ਇੰਗਲੈਂਡ’ ਦੀ ਮੁਖੀ ਵੀ ਸੀ। ਅੰਗਰੇਜ਼ੀ ਅਤੇ ਅਰਬੀ ਵਿੱਚ ਬੈਨਰ 'ਤੇ ਲਿਖਿਆ ਸੀ, "ਮਹਾਰਾਣੀ ਐਲਿਜ਼ਾਬੈਥ II ਦੀ ਆਤਮਾ ਲਈ ਉਮਰਾਹ, ਅੱਲ੍ਹਾ ਉਨ੍ਹਾਂ ਨੂੰ ਜੰਨਤ ਵਿੱਚ ਸ਼ਾਂਤੀ ਪ੍ਰਦਾਨ ਕਰੇ ਅਤੇ ਉਨ੍ਹਾਂ ਨੂੰ ਧਰਮ ਦੇ ਨਾਲ ਖੜੇ ਲੋਕਾਂ ਵਿੱਚ ਸਵੀਕਾਰ ਕਰੇ।"