UAE ਅਤੇ ਸਾਊਦੀ ''ਚ ਘਟੀ ਪਾਕਿ ਲੋਕਾਂ ਦੀ ਮੰਗ, ਭਾਰਤੀਆਂ ਨੂੰ ਵੱਡਾ ਫਾਇਦਾ

Wednesday, Jan 06, 2021 - 06:02 PM (IST)

UAE ਅਤੇ ਸਾਊਦੀ ''ਚ ਘਟੀ ਪਾਕਿ ਲੋਕਾਂ ਦੀ ਮੰਗ, ਭਾਰਤੀਆਂ ਨੂੰ ਵੱਡਾ ਫਾਇਦਾ

ਦੁਬਈ (ਬਿਊਰੋ): ਅੱਤਵਾਦ ਨੂੰ ਸਮਰਥਨ ਦੇਣਾ ਅਤੇ ਸੁਧਾਰਵਾਦੀ ਰਸਤਿਆਂ 'ਤੇ ਚੱਲਣ ਤੋਂ ਇਨਕਾਰ ਕਰਨਾ ਹੁਣ ਪਾਕਿਸਤਾਨ ਨੂੰ ਭਾਰੀ ਪੈ ਰਿਹਾ ਹੈ।ਇਕ ਦਹਾਕੇ ਤੋਂ ਪਾਕਿਸਤਾਨ ਦੀ ਮਦਦ ਲਈ ਹਮੇਸ਼ਾ ਖੜ੍ਹੇ ਰਹਿਣ ਵਾਲੇ ਸਾਊਦੀ ਅਰਬ ਅਤੇ ਸੰਯੁਕਤ ਰਾਜ ਅਮੀਰਾਤ (ਯੂ.ਏ.ਈ.) ਜਿਹੇ ਦੇਸ਼ ਹੁਣ ਉਸ ਤੋਂ ਦੂਰੀ ਬਣਾਉਣ ਲੱਗੇ ਹਨ। ਇਸ ਦਾ ਸਭ ਤੋਂ ਵੱਡਾ ਫਾਇਦਾ ਭਾਰਤ ਨੂੰ ਹੋਇਆ ਹੈ। ਇਹਨਾਂ ਦੋਹਾਂ ਇਸਲਾਮੀ ਦੇਸ਼ਾਂ ਦੇ ਨਾਲ ਭਾਰਤ ਦੇ ਸੰਬੰਧ ਮਜ਼ਬੂਤ ਹੋਏ ਹਨ। ਦੋ-ਪੱਖੀ ਵਪਾਰ ਵੀ ਕਈ ਗੁਣਾ ਵਧਿਆ ਹੈ। ਨਾਲ ਹੀ ਇੱਥੇ ਭਾਰਤੀ ਨਾਗਰਿਕਾਂ ਨੂੰ ਰੋਜ਼ਗਾਰ ਦੇ ਜ਼ਿਆਦਾ ਮੌਕੇ ਵੀ ਮਿਲ ਰਹੇ ਹਨ। 

ਯੂ.ਏ.ਈ. ਸਰਕਾਰ ਨੇ ਨਵੰਬਰ ਦੇ ਅਖ਼ੀਰ ਵਿਚ ਪਾਕਿਸਤਾਨ ਸਮੇਤ 13 ਦੇਸ਼ਾਂ ਦੇ ਨਾਗਰਿਕਾਂ 'ਤੇ ਵੀਜ਼ਾ ਪਾਬੰਦੀ ਲਗਾਈ ਸੀ। ਇਸ ਪਾਬੰਦੀ ਦੇ ਕਾਰਨ ਕਰੀਬ 20 ਹਜ਼ਾਰ ਪਾਕਿਸਤਾਨੀ ਯੂ.ਏ.ਈ. ਵਿਚ ਰੁਜ਼ਗਾਰ ਗਵਾ ਚੁੱਕੇ ਹਨ। ਇਹਨਾਂ ਵਿਚ ਕਰੀਬ 80 ਫ਼ੀਸਦੀ ਨੌਕਰੀਆਂ ਭਾਰਤੀਆਂ ਨੂੰ ਮਿਲੀਆਂ ਹਨ। ਯੂ.ਏ.ਈ. ਨੇ ਕਈ ਵਾਰ ਕਿਹਾ ਹੈ ਕਿ ਇਹ ਪਾਬੰਦੀ ਕੋਰੋਨਾ ਮਹਾਮਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਲਗਾਈ ਗਈ। ਜ਼ਿਕਰਯੋਗ ਹੈ ਕਿ ਜਦੋਂ ਯੂ.ਏ.ਈ. ਨੇ ਪਾਬੰਦੀ ਲਗਾਈ ਸੀ ਉਦੋਂ ਭਾਰਤ ਵਿਚ ਪਾਕਿਸਤਾਨ ਦੀ ਤੁਲਨਾ ਵਿਚ ਪ੍ਰਤੀ 10 ਲੱਖ ਲੋਕਾਂ ਦੀ ਆਬਾਦੀ 'ਤੇ ਕੋਰੋਨਾ ਦੇ ਜ਼ਿਆਦਾ ਮਾਮਲੇ ਆ ਰਹੇ ਸਨ। ਇਸ ਦੇ ਬਾਵਜੂਦ ਯੂ.ਏ.ਈ. ਨੇ ਭਾਰਤ ਦੇ ਲੋਕਾਂ 'ਤੇ ਵੀਜ਼ਾ ਪਾਬੰਦੀ ਨਹੀਂ ਲਗਾਈ। ਮਾਹਰਾਂ ਦੇ ਮੁਤਾਬਕ, ਖਾੜੀ ਦੇਸ਼ ਹੁਣ ਆਪਣਾ ਅਕਸ ਸੁਧਾਰਨ ਦੀ ਕੋਸ਼ਿਸ਼ ਵਿਚ ਲੱਗੇ ਹਨ। ਉਹ ਦੁਨੀਆ ਨੂੰ ਹੁਣ ਸਿਰਫ ਧਰਮ ਅਤੇ ਤੇਲ ਨਿਰਯਾਤ ਨਹੀਂ ਕਰਨਾ ਚਾਹੁੰਦੇ ਸਗੋਂ ਉਹਨਾਂ ਦਾ ਧਿਆਨ ਟੂਰਿਜ਼ਮ, ਆਈ.ਟੀ., ਇਨਫ੍ਰਾ ਜਿਹੇ ਸੈਕਟਰਾਂ 'ਤੇ ਵੀ ਹੈ। ਇਸ ਲਈ ਭਾਰਤ ਅਤੇ ਇਜ਼ਰਾਇਲ ਜਿਹੇ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਜ਼ਰੂਰੀ ਹਨ।

ਰੁਕ ਸਕਦੀ ਹੈ ਪਾਕਿ ਦੀ ਆਰਥਿਕ ਮਦਦ
ਯੂ.ਏ.ਈ. ਅਤੇ ਸਾਊਦੀ ਅਰਬ ਦੇ ਨਾਲ ਲੰਬੇਂ ਸਮੇਂ ਤੱਕ ਨਾਰਾਜ਼ਗੀ ਕਾਇਮ ਰੱਖਣਾ ਪਾਕਿਸਤਾਨ ਦੇ ਲਈ ਸੰਭਵ ਨਹੀਂ ਹੈ। ਪਿਛਲੇ ਸਾਲ ਨਵੰਬਰ ਵਿਚ ਇਹਨਾਂ ਦੇਸ਼ਾਂ ਵਿਚ ਰਹਿਣ ਵਾਲੇ ਪਾਕਿਸਤਾਨੀਆਂ ਨੇ ਕਰੀਬ 8.3 ਹਜ਼ਾਰ ਕਰੋੜ ਰੁਪਏ ਸਵਦੇਸ਼ ਭੇਜੇ। ਹਰ ਵੇਲੇ ਵਰਲਡ ਬੈਂਕ ਅਤੇ ਆਈ.ਐੱਮ.ਐੱਫ. ਤੋਂ ਮਦਦ ਦੀ ਆਸ ਰੱਖਣ ਵਾਲੇ ਪਾਕਿਸਤਾਨ ਲਈ ਇਹ ਰਾਸ਼ੀ ਕਾਫੀ ਮਹੱਤਵਪੂਰਨ ਹੈ। ਪੂਰੀ ਦੁਨੀਆ ਵਿਚ ਪਾਕਿਸਤਾਨੀ ਜਿੰਨੀ ਰਾਸ਼ੀ ਭੇਜਦੇ ਹਨ ਉਸ ਦਾ 65 ਫੀਸਦੀ ਖਾੜੀ ਦੇਸ਼ਾਂ ਤੋਂ ਆਉਂਦਾ ਹੈ। ਇਸ ਸਮੇਂ ਵੀ ਸਾਊਦੀ ਅਰਬ ਵਿਚ ਕਰੀਬ 26 ਲੱਖ ਅਤੇ ਯੂ.ਏ.ਈ. ਵਿਚ ਕਰੀਬ 15 ਲੱਖ ਪਾਕਿਸਤਾਨੀ ਕੰਮ ਕਰਦੇ ਹਨ। ਯੂ.ਏ.ਈ. ਵਿਚ ਭਾਰਤੀਆਂ ਦੀ ਗਿਣਤੀ ਪਾਕਿਸਤਾਨੀਆਂ ਦੀ ਤੁਲਨਾ ਵਿਚ ਜ਼ਿਆਦਾ ਹੈ। ਇੱਥੇ ਇਸ ਸਮੇਂ ਕਰੀਬ 26 ਲੱਖ ਭਾਰਤੀ ਕੰਮ ਕਰ ਰਹੇ ਹਨ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


author

Vandana

Content Editor

Related News