ਸਾਊਦੀ ਅਰਬ ਤੇ ਕੁਵੈਤ ਨੇ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਲੇਬਨਾਨ ਛੱਡਣ ਨੂੰ ਕਿਹਾ

Friday, Nov 10, 2017 - 10:14 AM (IST)

ਲੇਬਨਾਨ/ਆਬੂਧਾਬੀ(ਭਾਸ਼ਾ)—ਸਾਊਦੀ ਅਰਬ ਅਤੇ ਲੇਬਨਾਨ ਵਿਚਕਾਰ ਚੱਲ ਰਿਹਾ ਵਿਵਾਦ ਵਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਸਾਊਦੀ ਅਰਬ ਨੇ ਲੇਬਨਾਨ ਵਿਚ ਰਹਿ ਰਹੇ ਆਪਣੇ ਸਾਰੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਆਪਣੇ ਦੇਸ਼ ਵਾਪਸ ਜਾਣ ਨੂੰ ਕਿਹਾ ਹੈ। ਸਾਊਦੀ ਸਰਕਾਰ ਨੇ ਅਪੀਲ ਕਰਦੇ ਹੋਏ ਕਿਹਾ ਹੈ ਕਿ ਕੋਈ ਵੀ ਨਾਗਰਿਕ ਉਥੇ ਨਾ ਜਾਵੇ।
ਇਸ ਤੋਂ ਇਲਾਵਾ ਕੁਵੈਤ ਨੇ ਵੀ ਆਪਣੇ ਨਾਗਰਿਕਾਂ ਨੂੰ ਜਲਦੀ ਤੋਂ ਜਲਦੀ ਲੇਬਨਾਨ ਛੱਡਣ ਨੂੰ ਕਿਹਾ ਹੈ। ਦੋਵਾਂ ਦੇਸ਼ਾਂ ਵਿਚਕਾਰ ਇਹ ਸਥਿਤੀ ਉਦੋਂ ਪੈਦਾ ਹੋਈ ਜਦੋਂ ਲੇਬਨਾਨ ਦੇ ਪ੍ਰਧਾਨ ਮੰਤਰੀ ਸਾਦ ਹਰੀਰੀ ਨੇ ਆਪਣਾ ਅਸਤੀਫਾ ਇਹ ਕਹਿੰਦੇ ਹੋਏ ਦਿੱਤਾ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਹਾਲਾਂਕਿ ਸਾਦ 'ਤੇ ਇਹ ਦੋਸ਼ ਵੀ ਲੱਗਦੇ ਰਹੇ ਹਨ ਕਿ ਉਹ ਸਾਊਦੀ ਸਮਰਥੱਕ ਹੈ। ਅਜਿਹਾ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿ ਕਿਉਂਕਿ ਉਨ੍ਹਾਂ ਨੇ ਆਪਣਾ ਅਸਤੀਫਾ ਸਾਊਦੀ ਅਰਬ ਤੋਂ ਹੀ ਭੇਜਿਆ ਹੈ। ਉਥੇ ਹੀ ਸਾਊਦੀ ਨੇ ਈਰਾਨ ਸਮਰਥੱਕ ਲੇਬਨਾਨੀ ਅੱਤਵਾਦੀ ਸੰਗਠਨ ਹਿੱਜਬੁਲਾ 'ਤੇ ਯਮਨ ਤੋਂ ਮਿਜ਼ਾਇਲ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਸਾਦ ਨੇ ਆਪਣਾ ਅਸਤੀਫਾ ਸੋਂਪਦੇ ਹੋਏ ਕਿਹਾ ਕਿ ਲੇਬਨਾਨ ਨੂੰ ਅੱਤਵਾਦੀ ਸੰਗਠਨ ਹਿੱਜਬੁਲਾ ਸੰਚਾਲਿਤ ਕਰ ਰਿਹਾ ਹੈ। ਉਥੇ ਹੀ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਸਾਊਦੀ ਅਰਬ ਦੇ ਦਬਾਅ ਵਿਚ ਆਪਣਾ ਅਸਤੀਫਾ ਦਿੱਤਾ ਹੈ। ਇਸ ਦੌਰਾਨ ਖਬਰ ਇਹ ਵੀ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ ਪੈਦਾ ਹੋਈ ਨਵੀਂ ਯੁੱਧ ਦੀ ਸਥਿਤੀ 'ਤੇ ਕਾਬੂ ਕਰਨ ਲਈ ਫ੍ਰਾਂਸੀਸੀ ਰਾਸ਼ਟਰਪਤੀ ਅਮੈਨੁਅਲ ਮੈਕਰੌਨ ਅਚਾਨਕ ਸਾਊਦੀ ਅਰਬ ਦੇ ਦੌਰ 'ਤੇ ਜਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਗੱਲਬਾਤ ਦੇ ਮੁੱਦਿਆਂ ਵਿਚ ਲੇਬਨਾਨ ਦਾ ਸੰਕਟ ਵੀ ਸ਼ਾਮਲ ਹੋਵੇਗਾ।


Related News