ਸਾਊਦੀ ਅਰਬ ਵਸਾਵੇਗਾ ਅਨੋਖਾ ਸ਼ਹਿਰ, ਕਾਰਾਂ ਤਾਂ ਦੂਰ ਸੜਕਾਂ ਵੀ ਨਹੀਂ ਹੋਣਗੀਆਂ

1/11/2021 6:04:16 PM

ਰਿਆਦ (ਬਿਊਰੋ): ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਇਕ ਅਨੋਖੇ ਸ਼ਹਿਰ ਦੀ ਯੋਜਨਾ ਪੇਸ਼ ਕੀਤੀ ਹੈ। ਉਹਨਾਂ ਮੁਤਾਬਕ, ਸਾਊਦੀ ਅਰਬ ਨੇ ਇਕ ਅਜਿਹਾ ਸ਼ਹਿਰ ਬਣਾਉਣ ਦਾ ਐਲਾਨ ਕੀਤਾ ਹੈ ਜਿੱਥੇ ਨਾ ਤਾਂ ਕਾਰਾਂ ਹੋਣਗੀਆਂ ਅਤੇ ਨਾ ਹੀ ਸੜਕਾਂ।  ਅਸਲ ਵਿਚ ਸਾਊਦੀ ਅਰਬ ਤੇਲ 'ਤੇ ਨਿਰਭਰਤਾ ਖਤਮ ਕਰ ਕੇ ਨਵੇਂ ਇਨੋਵੇਸ਼ਨ ਵੱਲ ਵਧਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਇਹ ਯੋਜਨਾ ਉਸੇ ਦਾ ਹੀ ਹਿੱਸਾ ਹੈ। ਕੁਝ ਹੀ ਮਹੀਨਿਆਂ ਵਿਚ ਇਸ ਸ਼ਹਿਰ ਦੇ ਨਿਰਮਾਣ ਦਾ ਕੰਮ ਸ਼ੁਰੂ ਹੋ ਜਾਵੇਗਾ।

bloomberg.com ਦੀ ਰਿਪੋਰਟ ਦੇ ਮੁਤਾਬਕ, ਨਵਾਂ ਸ਼ਹਿਰ ਕਰੀਬ 170 ਕਿਲੋਮੀਟਰ ਖੇਤਰ ਵਿਚ ਫੈਲਿਆ ਹੋਵੇਗਾ ਅਤੇ ਇਸ ਦਾ ਨਾਮ 'ਦੀ ਲਾਈਨ' ਹੋਵੇਗਾ। ਇਹ ਸਾਊਦੀ ਅਰਬ ਦੇ ਨਿਓਮ ਪ੍ਰਾਜੈਕਟ ਦਾ ਹਿੱਸਾ ਹੋਵੇਗਾ। ਸਾਊਦੀ ਨਿਓਮ ਪ੍ਰਾਜੈਕਟ 'ਤੇ 500 ਬਿਲੀਅਨ ਅਮਰੀਕੀ ਡਾਲਰ (ਕਰੀਬ 36 ਲੱਖ ਕਰੋੜ)  ਖਰਚ ਕਰ ਰਿਹਾ ਹੈ। ਸਾਊਦੀ ਅਰਬ ਨੇ ਕਿਹਾ ਹੈ ਕਿ ਭਵਿੱਖ ਦੇ ਇਸ ਸ਼ਹਿਰ ਵਿਚ ਕਾਰਬਨ ਨਿਕਾਸੀ ਨਹੀਂ ਹੋਵੇਗੀ। ਸਾਊਦੀ ਸਰਕਾਰ ਦੀ ਪ੍ਰੈੱਸ ਰਿਲੀਜ ਦੇ ਮੁਤਾਬਕ ਨਵੇਂ ਸ਼ਹਿਰ ਵਿਚ ਲੋਕ ਪੈਦਲ ਚੱਲਣਗੇ ਅਤੇ ਇਹ ਕੁਦਰਤ ਦੇ ਕਿਨਾਰੇ ਹੋਵੇਗਾ। 

ਨਵੇਂ ਸ਼ਹਿਰ ਵਿਚ ਕਰੀਬ 10 ਲੱਖ ਲੋਕ ਰਹਿਣਗੇ। 2030 ਤੱਕ ਇਸ ਸ਼ਹਿਰ ਤੋਂ 3 ਲੱਖ 80 ਹਜ਼ਾਰ ਰੁਜ਼ਗਾਰ ਵੀ ਪੈਦਾ ਹੋਣਗੇ। ਸ਼ਹਿਰ ਦੀਆਂ ਬੁਨਿਆਦੀ ਬਣਾਵਟਾਂ ਦੇ ਨਿਰਮਾਣ 'ਤੇ 100 ਤੋਂ 200 ਬਿਲੀਅਨ ਅਮਰੀਕੀ ਡਾਲਰ ਦੀ ਲਾਗਤ ਆਵੇਗੀ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ 2017 ਵਿਚ ਨਿਓਮ ਪ੍ਰਾਜੈਕਟ ਦਾ ਐਲਾਨ ਕੀਤਾ ਸੀ। ਸਾਊਦੀ ਹੁਣ ਤੱਕ ਦੁਨੀਆ ਦਾ ਸਭ ਤੋਂ ਵੱਡਾ ਤੇਲ ਨਿਰਯਾਤਕ ਦੇਸ਼ ਰਿਹਾ ਹੈ ਪਰ ਸਲਮਾਨ ਹੁਣ ਦੇਸ਼ ਦੀ ਅਰਥਵਿਵਸਥਾ ਵਿਚ ਵਿਭਿੰਨਤਾ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਜੋ ਭਵਿੱਖ ਵਿਚ ਸਾਊਦੀ ਦੀ ਸਥਿਤੀ ਚੰਗੀ ਬਣੀ ਰਹੇ। 

ਸਲਮਾਨ ਨੇ ਇਸ ਅਨੋਖੇ ਸ਼ਹਿਰ ਨੂੰ ਵਸਾਉਣ ਦੀ ਯੋਜਨਾ ਪੇਸ਼ ਕਰਦਿਆਂ ਕਿਹਾ ਕਿ ਵਿਕਾਸ ਦੇ ਲਈ ਸਾਨੂੰ ਕੁਦਰਤ ਦੇ ਬਲੀਦਾਨ ਨੂੰ ਸਵੀਕਾਰ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਇਹ ਸ਼ਹਿਰ ਇਨਸਾਨੀਅਤ ਲਈ ਕ੍ਰਾਂਤੀ ਦੇ ਵਾਂਗ ਹੋਵੇਗਾ। ਇਸ ਸ਼ਹਿਰ ਵਿਚ ਇਕ ਵਾਰ ਵਿਚ 20 ਮਿੰਟ ਤੋਂ ਵੱਧ ਤੁਰਨ ਦੀ ਲੋੜ ਨਹੀਂ ਹੋਵੇਗੀ ਅਤੇ ਇਸ ਦੇ ਆਲੇ-ਦੁਆਲੇ ਅਲਟ੍ਰਾ ਹਾਈ ਸਪੀਡ ਟ੍ਰਾਂਜਿਟ ਅਤੇ ਆਟੋਨੋਮਸ ਮੋਬਿਲਿਟੀ ਸੋਲੂਸ਼ਨ ਮੌਜੂਦ ਰਹਿਣਗੇ।

ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor Vandana