ਸਾਊਦੀ ਅਰਬ ''ਚ ਸੁਸ਼ਮਾ ਸਵਰਾਜ ਨੇ ਸੰਬੋਧਨ ਦੌਰਾਨ ਕੀਤੀ ਪ੍ਰਵਾਸੀ ਭਾਰਤੀਆਂ ਦੀ ਤਾਰੀਫ

Wednesday, Feb 07, 2018 - 11:13 AM (IST)

ਸਾਊਦੀ ਅਰਬ ''ਚ ਸੁਸ਼ਮਾ ਸਵਰਾਜ ਨੇ ਸੰਬੋਧਨ ਦੌਰਾਨ ਕੀਤੀ ਪ੍ਰਵਾਸੀ ਭਾਰਤੀਆਂ ਦੀ ਤਾਰੀਫ

ਰਿਆਦ(ਬਿਊਰੋ)— ਮੰਗਲਵਾਰ ਨੂੰ 3 ਦਿਨ ਦੇ ਦੌਰੇ 'ਤੇ ਸਾਊਦੀ ਅਰਬ ਪਹੁੰਚੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇੱਥੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਿਤ ਕੀਤਾ। ਰਿਆਦ ਵਿਚ ਪ੍ਰਵਾਸੀ ਭਾਤਰੀਆਂ ਨਾਲ ਗੱਲ ਕਰਦੇ ਹੋਏ ਸੁਸ਼ਮਾ ਸਵਰਾਜ ਨੇ ਕਿਹਾ ਕਿ ਸਾਊਦੀ ਅਰਬ ਅਤੇ ਭਾਰਤ ਪੁਰਾਣੇ ਦੋਸਤ ਹਨ ਅਤੇ ਦੋਵਾਂ ਵਿਚਕਾਰ ਸਬੰਧ ਹਮੇਸ਼ਾ ਹੀ ਵਧੀਆ ਰਹੇ ਹਨ। ਪ੍ਰਵਾਸੀ ਭਾਰਤੀਆਂ ਤੀ ਤਾਰੀਫ ਕਰਦੇ ਸੁਸ਼ਮਾ ਨੇ ਕਿਹਾ ਕਿ ਤੁਸੀਂ ਮਿਹਨਤ ਅਤੇ ਈਮਾਨਦਾਰੀ ਨਾਲ ਆਪਣੀ ਅਤੇ ਦੇਸ਼ ਦੀ ਇਕ ਸਾਖ ਇੱਥੇ ਬਣਾਈ ਹੈ। ਇਸ ਤੋਂ ਬਾਅਦ ਉਨ੍ਹਾਂ ਭਾਰਤੀ ਦੂਤਘਰ ਦੀ ਵੀ ਤਾਰੀਫ ਕਰਦੇ ਹੋਏ ਕਿਹਾ ਕਿ ਉਹ ਤੁਰੰਤ ਹੀ ਪ੍ਰਤੀਕਿਰਿਆ ਦਿੰਦੇ ਹਨ ਅਤੇ ਹਰ ਸੰਭਵ ਮਦਦ ਕਰਦੇ ਹਨ। ਇਸ ਦੌਰਾਨ ਉਨ੍ਹਾਂ ਨੇ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਤੇ ਵੀ ਦੇਰ ਤੱਕ ਗੱਲਬਾਤ ਕੀਤੀ।
ਅੱਜ ਵਿਦੇਸ਼ ਮੰਤਰੀ ਕਰੇਗੀ ਅਲ ਜਨਾਦਰੀਆ ਫੈਸਟੀਵਲ ਦਾ ਉਦਘਾਟਨ—
ਸੁਸ਼ਮਾ ਸਵਰਾਜ 6 ਤੋਂ 8 ਫਰਵਰੀ ਨੂੰ ਸਾਊਦੀ ਅਰਬ ਦੀ ਯਾਤਰਾ 'ਤੇ ਹੈ। ਮੰਗਲਵਾਰ ਨੂੰ ਰਿਆਦ ਹਵਾਈਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਹੋਇਆ। 7 ਫਰਵਰੀ ਨੂੰ ਸੁਸ਼ਮਾ ਸਵਰਾਜ ਸਾਊਦੀ ਦੇ ਅਲ ਜਨਾਦਰੀਆ ਫੈਸਟੀਵਲ ਦਾ ਉਦਘਾਟਨ ਕਰੇਗੀ। ਦੱਸਣਯੋਗ ਹੈ ਕਿ ਇਹ ਫੈਸਟੀਵਲ 2 ਹਫਤੇ ਤੱਕ ਚੱਲੇਗਾ।
ਸਾਊਦੀ ਦਾ ਵੱਡਾ ਫੈਸਟੀਵਲ ਹੈ ਅਲ ਜਨਾਦਰੀਆ—
ਅਲ ਜਨਾਦਰੀਆ ਸਾਊਦੀ ਅਰਬ ਦਾ ਇਕ ਨੈਸ਼ਨਲ ਕਲਚਰਲ ਫੈਸਟੀਵਲ ਹੈ, ਜਿਸ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ। ਇਸ ਫੈਸਟੀਵਲ ਵਿਚ ਹਰ ਸਾਲ ਸਾਊਦੀ ਅਰਬ ਦੇ ਸੱਭਿਆਚਾਰ ਅਤੇ ਵਿਰਾਸਤ ਦਾ ਪ੍ਰਦਰਸ਼ਨ ਹੁੰਦਾ ਹੈ। ਇਸ ਫੈਸਟੀਵਲ ਦੀ ਸ਼ੁਰੂਆਤ 1985 ਵਿਚ ਹੋਈ ਸੀ ਅਤੇ 2018 ਵਿਚ ਇਸ ਦਾ 32ਵਾਂ ਸੰਸਕਰਨ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਫੈਸਟੀਵਲ ਨੂੰ ਸਾਊਦੀ ਨੈਸ਼ਨਲ ਗਾਰਡ ਵੱਲੋਂ ਆਯੋਜਿਤ ਕੀਤਾ ਜਾਂਦਾ ਹੈ। ਖੇਡਾਂ, ਪਾਰੰਪਰਕ ਡਾਂਸ, ਕਲਾ, ਇਤਿਹਾਸ, ਆਰਕੀਟੈਕਚਰ ਵਰਗੀਆਂ ਵੱਖ-ਵੱਖ ਐਕਟੀਵਿਟੀਜ਼ ਇਸ ਵਿਚ ਕਈ ਤਰ੍ਹਾਂ ਦੇ ਰੰਗ ਬੰਨ੍ਹ ਦਿੰਦੀਆਂ ਹਨ।
ਭਾਰਤ ਇਸ ਫੈਸਟੀਵਲ ਦਾ 'ਗੈਸਟ ਆਫ ਆਨਰ' ਦੇਸ਼—
ਇਸ ਫੈਸਟੀਵਲ ਦਾ ਮਕਸਦ ਸਰਕਾਰ ਦੀਆਂ ਸੰਸਥਾਵਾਂ ਅਤੇ ਉਸ ਦੀ ਸੇਵਾਵਾਂ ਨੂੰ ਸਾਊਦੀ ਅਤੇ ਅੰਤਰਰਾਸ਼ਟਰੀ ਲੋਕਾਂ ਦੇ ਸਾਹਮਣੇ ਲਿਆਉਣਾ ਹੈ। ਦੁਨੀਆਭਰ ਦੇ ਲੋਕ ਇਸ ਫੈਸਟੀਵਲ ਵਿਚ ਸ਼ਿਰਕਤ ਕਰਦੇ ਹਨ ਅਤੇ ਇਸ ਦਾ ਮਜ਼ਾ ਲੈਂਦੇ ਹਨ। ਭਾਰਤ ਇਸ ਸਾਲ ਫੈਸਟੀਵਲ ਵਿਚ 'ਗੈਸਟ ਆਫ ਆਨਰ' ਦੇਸ਼ ਦੇ ਰੂਪ ਵਿਚ ਹਿੱਸਾ ਲੈ ਰਿਹਾ ਹੈ।


Related News