ਪੱਤਰਕਾਰ ਜਮਾਲ ਖਸ਼ੋਗੀ ਦੀ ਹੱਤਿਆ ''ਚ ਸਾਊਦੀ ਦਾ ਹੱਥ : UN ਮਾਹਰ
Wednesday, Jun 19, 2019 - 04:55 PM (IST)

ਰਿਆਦ (ਬਿਊਰੋ)— ਸਾਊਦੀ ਦੇ ਪੱਤਰਕਾਰ ਅਤੇ ਅਮਰੀਕੀ ਨਾਗਰਿਕ ਜਮਾਲ ਖਸ਼ੋਗੀ ਦੀ ਹੱਤਿਆ ਲਈ ਸਾਊਦੀ ਅਰਬ ਜ਼ਿੰਮੇਵਾਰ ਹੈ। ਇਹ ਗੱਲ ਸੰਯੁਕਤ ਰਾਸ਼ਟਰ ਸੰਘ ਨੇ ਕਹੀ। ਸੰਯੁਕਤ ਰਾਸ਼ਟਰ ਦੇ ਇਕ ਅਧਿਕਾਰ ਮਾਹਰ ਦਾ ਕਹਿਣਾ ਹੈ ਕਿ ਕੁਝ ਅਜਿਹੇ ਵਿਸ਼ਵਾਸਯੋਗ ਸਬੂਤ ਮਿਲੇ ਹਨ ਜੋ ਸਾਊਦੀ ਕ੍ਰਾਊਨ ਪ੍ਰਿੰਸ ਨੂੰ ਖਸ਼ੋਗੀ ਦੀ ਹੱਤਿਆ ਨਾਲ ਜੋੜਦੇ ਹਨ। ਮਾਹਰ ਦਾ ਕਹਿਣਾ ਹੈ ਕਿ ਸੰਯੁਕਤ ਰਾਸ਼ਟਰ ਪ੍ਰਮੁੱਖ ਨੂੰ ਖਸ਼ੋਗੀ ਦੀ ਹੱਤਿਆ 'ਤੇ ਅੰਤਰਰਾਸ਼ਟਰੀ ਜਾਂਚ ਸ਼ੁਰੂ ਕਰਨੀ ਚਾਹੀਦੀ ਹੈ।
AFP: 'Credible evidence' linking Saudi crown prince to Khashoggi murder: UN expert https://t.co/Z5yyyoDdkL
— ANI (@ANI) June 19, 2019
ਇੱਥੇ ਦੱਸ ਦਈਏ ਕਿ ਖਸ਼ੋਗੀ ਦੀ ਹੱਤਿਆ ਨਾਲ ਨਾ ਸਿਰਫ ਪ੍ਰੈੱਸ ਦੀ ਆਜ਼ਾਦੀ ਦੇ ਖਤਰੇ ਵਿਚ ਹੋਣ ਦੀ ਗੱਲ ਉੱਠੀ ਸੀ ਸਗੋਂ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਇਸ ਹੱਤਿਆ ਦੀ ਕਾਫੀ ਨਿੰਦਾ ਕੀਤੀ ਸੀ। ਦੁਨੀਆ ਭਰ ਦੇ ਨੇਤਾਵਾਂ ਇੱਥੋਂ ਤੱਕ ਕਿ ਅਮਰੀਕੀ ਸੈਨੇਟਰਾਂ ਨੇ ਵੀ ਇਸ ਹੱਤਿਆ 'ਤੇ ਦੁੱਖ ਜ਼ਾਹਰ ਕੀਤਾ ਸੀ। ਸੀ.ਆਈ.ਏ. ਨੇ ਕਿਹਾ ਸੀ ਕਿ ਖਸ਼ੋਗੀ ਦੀ ਹੱਤਿਆ ਦਾ ਆਦੇਸ਼ ਸਾਊਦੀ ਰਾਜਕੁਮਾਰ ਮੁਹੰਮਦ ਬਿਨ ਸਲਮਾਨ ਨੇ ਹੀ ਦਿੱਤਾ ਸੀ। ਇਸ ਗੱਲ ਦੇ ਉਨ੍ਹਾਂ ਕੋਲ ਸਬੂਤ ਵੀ ਹਨ।
ਬੀਤੇ ਸਾਲ ਅਕਤੂਬਰ ਵਿਚ ਖਸ਼ੋਗੀ ਦੀ ਇਸਤਾਂਬੁਲ ਸਥਿਤ ਸਾਊਦੀ ਵਣਜ ਦੂਤਘਰ ਵਿਚ ਹੱਤਿਆ ਕਰ ਦਿੱਤੀ ਗਈ ਸੀ। ਖਸ਼ੋਗੀ ਦੀ ਮੰਗੇਤਰ ਦਾ ਕਹਿਣਾ ਹੈ ਕਿ ਸਾਊਦੀ ਨੇ ਹਾਲੇ ਤੱਕ ਉਸ ਨਾਲ ਸੰਪਰਕ ਨਹੀਂ ਕੀਤਾ। ਖਸ਼ੋਗੀ ਦੀ ਹੱਤਿਆ ਦੇ ਬਾਅਦ ਦੁਨੀਆ ਭਰ ਵਿਚ ਸਾਊਦੀ ਦੇ ਰਾਜਕੁਮਾਰ ਦੀ ਆਲੋਚਨਾ ਕੀਤੀ ਗਈ ਪਰ ਸਾਊਦੀ ਖੁਦ 'ਤੇ ਲੱਗੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ।