ਸਿੱਖ ਖੇਡਾਂ ਆਸਟਰੇਲੀਆ ਦੇ ਮੁੜ ਪ੍ਰਧਾਨ ਬਣੇ ਸਰਬਜੋਤ ਸਿੰਘ ਢਿੱਲੋਂ
Friday, Apr 15, 2022 - 07:28 PM (IST)
ਬ੍ਰਿਸਬੇਨ (ਬਿਊਰੋ) : ਪੂਰੇ ਵਿਸ਼ਵ ’ਚ ਪੰਜਾਬੀ ਭਾਈਚਾਰੇ ਦੇ ਆਈਕੋਨ ਵਜੋਂ ਸਥਾਪਿਤ ਹੋ ਚੁੱਕੀਆਂ ਆਸਟਰੇਲੀਆ ਦੀਆਂ ਸਿੱਖ ਗੇਮਜ਼ ਇਸ ਸਾਲ ਨਿਊ ਸਾਊਥ ਵੇਲਜ਼ ਦੇ ਮਸ਼ਹੂਰ ਸ਼ਹਿਰ ਵੂਲਗੂਲਗਾ/ਕਾਫ਼ਸ ਹਾਰਬਰ ਵਿਖੇ ਹੋ ਰਹੀਆਂ ਹਨ। ਆਪਣੇ 34ਵੇਂ ਸਾਲ ਵਿਚ ਪ੍ਰਵੇਸ਼ ਕਰ ਚੁੱਕੀਆਂ ਇਹ ਖੇਡਾਂ ਹਰ ਸਾਲ ਗਿਣਤੀ ਅਤੇ ਮਿਆਰ ਦੇ ਪੱਖੋਂ ਹੋਰ ਵਿਸ਼ਾਲ ਹੁੰਦੀਆਂ ਜਾ ਰਹੀਆਂ ਹਨ। ਇਸ ਦੀ ਨੈਸ਼ਨਲ ਕਮੇਟੀ “ਆਸਟਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ” ਸਮੁੱਚੇ ਰੂਪ ਵਿਚ ਇਨ੍ਹਾਂ ਖੇਡਾਂ ਦਾ ਪ੍ਰਬੰਧ ਕਰਦੀ ਹੈ। ਇਸ ਦੀ ਸਾਲ ਏ. ਜੀ. ਐੱਮ. ਵਿਚ ਨਵੀਂ ਕਮੇਟੀ ਦੀ ਚੋਣ ਹੁੰਦੀ ਹੈ, ਜਿਸ ’ਚ ਖੇਡਾਂ ਵਿਚ ਸ਼ਾਮਿਲ ਹੋਣ ਵਾਲੇ ਰਜਿਸਟਰਡ ਕਲੱਬ ਵੋਟਾਂ ਪਾ ਕੇ ਨਵੀਂ ਟੀਮ ਚੁਣਦੇ ਹਨ। ਪਿਛਲੀਆਂ ਚੋਣਾਂ ’ਚ ਜੇਤੂ ਰਹੇ ਸਰਬਜੋਤ ਸਿੰਘ ਢਿੱਲੋਂ ਅਤੇ ਮਨਜੀਤ ਬੋਪਾਰਾਏ ਦੀ ਅਗਵਾਈ ਹੇਠ ਕੰਮ ਕਰਦੀ ਟੀਮ ਨੇ ਚੰਗੀ ਕਾਰਗੁਜ਼ਾਰੀ, ਵਧੀਆ ਪਹੁੰਚ, ਸੁਚੱਜੇ ਪ੍ਰਬੰਧ ਅਤੇ ਸਾਰਥਿਕ ਅਗਵਾਈ ਨਾਲ ਅੱਜ ਹੋਈ ਵੋਟਿੰਗ ’ਚ ਪਿਛਲੇ ਸਾਲ ਹਾਰੀ ਹੋਈ ਧਿਰ ਨੂੰ ਵੱਡੇ ਫਰਕ ਨਾਲ ਹਰਾ ਕੇ ਦੁਬਾਰਾ ਕਮਾਂਡ ਸੰਭਾਲ਼ ਲਈ ਹੈ।
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਣਬੀਰ ਤੇ ਆਲੀਆ, ਵੇਖੋ ਖ਼ੂਬਸੂਰਤ ਤਸਵੀਰਾਂ
ਅੱਜ ਸਿੱਖ ਖੇਡਾਂ ਦੇ ਪਹਿਲੇ ਦਿਨ ਐਨਸੈਕ ਦੀ ਸਾਲਾਨਾ ਏ. ਜੀ. ਐੱਮ. ਵਿਚ ਸਰਬਜੋਤ ਸਿੰਘ ਢਿੱਲੋਂ ਨੇ ਸਥਾਨਕ ਉਮੀਦਵਾਰ ਅਮਨਦੀਪ ਸਿੰਘ ਸਿੱਧੂ ਨੂੰ ਪਈਆਂ 12 ਵੋਟਾਂ ਦੇ ਮੁਕਾਬਲੇ 39 ਵੋਟਾਂ ਨਾਲ ਹਰਾ ਕੇ ਸਿੱਖ ਗੇਮਜ਼ ਦੇ ਪ੍ਰਧਾਨ ਦਾ ਵੱਕਾਰੀ ਅਹੁਦਾ ਫਿਰ ਤੋਂ ਹਾਸਲ ਕਰ ਲਿਆ ਹੈ। ਕਲਚਰਲ ਕੋਆਰਡੀਨੇਟਰ ਦੇ ਅਹੁਦੇ ਲਈ ਹੋਈ ਚੋਣ ਵਿਚ ਬ੍ਰਿਸਬੇਨ ਵਾਸੀ ਮਨਜੀਤ ਬੋਪਾਰਾਏ ਨੇ ਅਮਨਦੀਪ ਕੌਰ ਨੂੰ 20 ਦੇ ਮੁਕਾਬਲੇ 31 ਵੋਟਾਂ ਨਾਲ ਹਾਰ ਦਿੰਦਿਆਂ ਇਸ ਅਹੁਦੇ ਨੂੰ ਆਪਣੇ ਕੋਲ ਬਰਕਰਾਰ ਰੱਖਿਆ ਹੈ, ਜਦਕਿ ਪ੍ਰਦੀਪ ਪਾਂਗਲੀ ਨੂੰ ਸੈਕਟਰੀ, ਆਈ. ਟੀ. ਇੰਚਾਰਜ ਵਜੋਂ ਨਵਦੀਪ ਪਾਂਗਲੀ ਅਤੇ ਮਾਈਕਲ ਸਿੰਘ ਨੂੰ ਕੈਸ਼ੀਅਰ ਵਜੋਂ ਚੁਣਿਆ ਗਿਆ। ਜੇਤੂ ਟੀਮ ਨੂੰ ਪੂਰੇ ਆਸਟਰੇਲੀਆ ’ਚੋਂ ਵਧਾਈਆਂ ਆ ਰਹੀਆਂ ਹਨ ਅਤੇ ਉਨ੍ਹਾਂ ਦੀ ਅਗਵਾਈ ’ਚ ਸਿੱਖ ਖੇਡਾਂ ਦੀ ਰੂਪ ਰੇਖਾ ਹੋਰ ਵੀ ਵਧੀਆ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਵੱਖ-ਵੱਖ ਕਲੱਬਾਂ ਵੱਲੋਂ ਐਨਸੈਕ ਦੀ ਸਮੁੱਚੀ ਟੀਮ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਇਸ ਜਿੱਤ ਨੂੰ ਸਿੱਖ ਗੇਮਜ਼ ਦੇ ਭਵਿੱਖ ਲਈ ਵਧੀਆ ਕਿਹਾ ਹੈ।