ਗੁਰਦੁਆਰਾ ਸਿੰਘ ਸਭਾ ਨੋਵਲਾਰਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਜਨਮ ਦਿਹਾੜਾ

02/07/2024 3:25:02 PM

ਰੋਮ (ਕੈਂਥ)- ਗੁਰਦੁਆਰਾ ਸਿੰਘ ਸਭਾ ਨੋਵੇਲਾਰਾ ਵਿਖੇ ਸੰਤ ਬਾਬਾ ਨਿਧਾਨ ਸਿੰਘ ਜੀ ਨਡਾਲੋ ਵਾਲੇ ਹਜੂਰ ਸਾਹਿਬ ਵਾਲਿਆਂ ਦਾ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਦਾ ਆਯੋਜਨ ਬਾਬਾ ਨਿਧਾਨ ਸਿੰਘ ਜੀ ਸੇਵਾ ਸੋਸਾਇਟੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਬਾਬਾ ਗੁਰਮੀਤ ਸਿੰਘ ਜੀ ਨਡਾਲੋ ਵਾਲਿਆਂ ਦੀ ਰਹਿਨੁਮਾਈ ਹੇਠ ਕਰਾਇਆ ਗਿਆ। ਦੀਵਾਨ ਦੀ ਆਰੰਭਤਾ ਵਿੱਚ ਗੁਰਦੁਆਰਾ ਸਾਹਿਬ ਦੇ ਬੱਚਿਆਂ ਵੱਲੋਂ ਸ਼ਬਦ ਕੀਰਤਨ ਦੀ ਹਾਜ਼ਰੀ ਭਰੀ ਗਈ। ਉਪਰੰਤ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਤਲਵਿੰਦਰ ਸਿੰਘ ਜੀ ਵੱਲੋਂ ਕਥਾ ਵਿਚਾਰ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗਿਆਨੀ ਜੀ ਨੇ ਕਥਾ ਦੌਰਾਨ ਦੱਸਿਆ ਕਿ ਬਾਬਾ ਜੀ ਦਾ ਜਨਮ 4 ਫਰਵਰੀ 1882 ਈਸਵੀ ਨੂੰ ਪਿੰਡ ਨਡਾਲੋ ਤਹਿਸੀਲ ਗੜਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ ਸੀ। ਬਾਬਾ ਨਿਧਾਨ ਸਿੰਘ ਜੀ ਨੇ ਸ੍ਰੀ ਹਜੂਰ ਸਾਹਿਬ ਬਹੁਤ ਸਮਾਂ ਸੇਵਾ ਅਤੇ ਸਿਮਰਨ ਵਿੱਚ ਬਿਤਾਇਆ। ਬਾਬਾ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਤੱਖ ਦਰਸ਼ਨ ਹੋਏ ਅਤੇ ਗੁਰੂ ਸਾਹਿਬ ਨੇ ਬਾਬਾ ਜੀ ਨੂੰ ਵਰ ਦਿੱਤਾ "ਖੀਸਾ ਮੇਰਾ ਹੱਥ ਤੇਰਾ"।

PunjabKesari

ਉੱਥੇ ਅੱਜ-ਕੱਲ ਗੁਰਦੁਆਰਾ ਸਾਹਿਬ ਲੰਗਰ ਸਾਹਿਬ ਸੁਭਾਇਮਾਨ ਹੈ। ਇਸ ਵੇਲੇ ਬਾਬਾ ਜੀ ਦੀ ਜਗ੍ਹਾ ਬਾਬਾ ਬਲਵਿੰਦਰ ਸਿੰਘ ਅਤੇ ਬਾਬਾ ਨਰਿੰਦਰ ਸਿੰਘ ਜੀ ਸੇਵਾਵਾਂ ਨਿਭਾ ਰਹੇ ਹਨ। ਬਾਬਾ ਜੀ ਦੇ ਜੀਵਨ ਤੋਂ ਇਲਾਵਾ ਕਾਰ ਸੇਵਾ ਵਾਲੇ ਮਹਾਂਪੁਰਖਾਂ ਬਾਬਾ ਬੀਰਮ ਦਾਸ ਜੀ ਦੇ ਜੀਵਨ ਤੇ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੀ ਵਿਸਥਾਰ ਨਾਲ ਵਿਚਾਰ ਕੀਤੀ ਗਈ। ਉਪਰੰਤ ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦੇ ਜਾਪ ਕੀਤੇ। ਦੀਵਾਨ ਦੀ ਸਮਾਪਤੀ ਉਪਰੰਤ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਬਾਬਾ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਸੀ ਅਤੇ ਉਹਨਾਂ ਨੇ ਮੰਤਰ ਮੁਕਧ ਹੋ ਕੇ ਕਥਾ ਵਿਚਾਰ ਸਰਵਣ ਕੀਤੇ। 


cherry

Content Editor

Related News