ਅਮਰੀਕਾ ਨਾਲ ਸਥਾਨਕ ਪੱਧਰ ’ਤੇ ਸੰਬੰਧ ਮਜ਼ਬੂਤ ਕਰਨ ਦੇ ਯਤਨ, ਮੇਅਰ ਤੇ ਗਵਰਨਰ ਪੱਧਰ ’ਤੇ ਸੰਵਾਦ ਕਰ ਰਹੇ ਸੰਧੂ

02/16/2022 10:11:11 AM

ਨਵੀਂ ਦਿੱਲੀ (ਇੰਟਰਨੈਸ਼ਨਲ ਡੈਸਕ)– ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਲੋਕਾਂ ਦਰਮਿਆਨ ਆਪਸੀ ਸੰਬੰਧਾਂ ਅਤੇ ਸਥਾਨਕ ਪੱਧਰ ’ਤੇ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਦੇਸ਼ ਭਰ ਦੇ ਸਥਾਨਕ ਮੇਅਰ ਅਤੇ ਗਵਰਨਰ ਦੇ ਨਾਲ ਸੰਵਾਦ ਵਧਾਇਆ ਹੈ। ਭਾਰਤ ਸਰਕਾਰ ਦੀ ਇਹ ਨੀਤੀ ਘਰੇਲੂ ਅਤੇ ਰਾਸ਼ਟਰੀ ਸਿਆਸਤ ਵਿਚ ਸ਼ਕਤੀਸ਼ਾਲੀ ਮਹਾਨਗਰਾਂ ਨਿਊਯਾਰਕ, ਲਾਸ ਏਂਜਲਸ ਅਤੇ ਸ਼ਿਕਾਗੋ ਵਿਚ ਚੁਣੇ ਹੋਏ ਨੁਮਾਇੰਦਿਆਂ ਦੇ ਵਧਦੇ ਦਬਦਬੇ ਦੇ ਸੰਦਰਭ ਵਿਚ ਮਹੱਤਵਪੂਰਨ ਹੈ।

ਭਾਰਤੀ ਮੂਲ ਦੇ ਵੀ ਹਨ ਸਥਾਨਕ ਅਹੁਦੇਦਾਰ
ਸੰਧੂ ਨੇ 30 ਜਨਵਰੀ ਨੂੰ ਮੇਅਰ ਐਡਮਸ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਨਿਊਯਾਰਕ ਸ਼ਹਿਰ ਦੇ ਮੇਅਰ ਵਜੋਂ ਇਤਿਹਾਸਕ ਚੋਣ ਜਿੱਤਣ ’ਤੇ ਵਧਾਈ ਦਿੱਤੀ। ਦੋਵਾਂ ਨੇ ਭਾਰਤ ਅਤੇ ਨਿਊਯਾਰਕ ਸ਼ਹਿਰ ਦਰਮਿਆਨ ਮਜ਼ਬੂਤ ਭਾਈਵਾਲੀ ਵਧਾਉਣ ’ਤੇ ਚਰਚਾ ਕੀਤੀ ਸੀ। ਭਾਰਤੀ ਰਾਜਦੂਤ ਨੇ ਨਿਊਜਰਸੀ ਵਿਚ ਐਡੀਸਨ ਸ਼ਹਿਰ ਦੇ ਮੇਅਰ ਸਾਮਿਪ ਜੋਸ਼ੀ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਦਾ ਨਾਤਾ ਗੁਜਰਾਤ ਦੇ ਸ਼ਿਵਰਾਜਪੁਰ ਨਾਲ ਹੈ। ਐਡੀਸਨ ਵਿਚ ਭਾਰਤੀ ਅਮਰੀਕੀ, ਖਾਸ ਤੌਰ ’ਤੇ ਗੁਜਰਾਤ ਦੇ ਲੋਕਾਂ ਦੀ ਆਬਾਦੀ ਬਹੁਤ ਜ਼ਿਆਦਾ ਹੈ। ਇਸ ਤੋਂ ਇਲਾਵਾ ਸੰਧੂ ਨੇ ਸਿਨਸਿਨਾਟੀ ਸ਼ਹਿਰ ਦੇ ਮੇਅਰ ਆਫਤਾਬ ਪੁਰੇਵਲ ਨਾਲ ਵੀ ਮੁਲਾਕਾਤ ਕੀਤੀ। ਉਹ ਸਿਨਸਿਨਾਟੀ ਦਾ ਮੇਅਰ ਬਣਨ ਵਾਲੇ ਪਹਿਲੇ ਭਾਰਤੀ ਮੂਲ ਦੇ ਉਮੀਦਵਾਰ ਹਨ। ਪੁਰੇਵਲ ਦੇ ਪਿਤਾ ਪੰਜਾਬ ਤੋਂ ਹਨ ਅਤੇ ਮਾਂ ਤਿੱਬਤ ਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ -ਕੂਟਨੀਤਕ ਪਹਿਲ ਤੋਂ ਬਾਅਦ ਯੂਕ੍ਰੇਨ ਸੰਕਟ ਟਲਣ ਦੀ ਉਮੀਦ, ਰੂਸ ਨੇ ਵਾਪਸ ਸੱਦੇ ਫ਼ੌਜੀ

3 ਮੇਅਰਾਂ ਤੇ 40 ਗਵਰਨਰਾਂ ਦੇ ਨਾਲ ਮੁਲਾਕਾਤ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਲਾਸ ਏਂਜਲਸ ਸ਼ਹਿਰ ਦੇ ਮੇਅਰ ਐਰਿਕ ਗਾਰਸੇਟੀ ਨੂੰ ਭਾਰਤ ਵਿਚ ਆਪਣਾ ਰਾਜਦੂਤ ਨਾਮਜ਼ਦ ਕੀਤਾ ਹੈ। ਪਿਛਲੇ ਪੰਦਰਵਾੜੇ ਵਿਚ ਹੀ ਸੰਧੂ ਨੇ ਪ੍ਰਮੁੱਖ ਮੇਅਰਾਂ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਅਮਰੀਕੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਅਤੇ 40 ਤੋਂ ਵਧ ਸੂਬਿਆਂ ਦੇ ਗਵਰਨਰਾਂ ਨਾਲ ਮੁਲਾਕਾਤ ਵੀ ਕੀਤੀ ਹੈ। ਭਾਰਤੀ ਡਿਪਲੋਮੈਟ ਮਿਸ਼ਨ ਅਤੇ ਰਾਜਦੂਤ ਸਥਾਨਕ ਪ੍ਰਸ਼ਾਸਨਾਂ ਤੱਕ ਪਹੁੰਚ ਬਣਾਉਣ ਲਈ ਵਿਸ਼ੇਸ਼ ਯਤਨ ਕਰ ਰਹੇ ਹਨ। ਪਿਛਲੇ ਮਹੀਨੇ ਸੰਧੂ ਨੇ ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨਾਲ ਮੁਲਾਕਾਤ ਕੀਤੀ ਸੀ। 20 ਤੋਂ ਵਧ ਸਾਲਾਂ ਤੋਂ ਕਾਨੂੰਨ ਅਤੇ ਵਿਵਸਥਾ ਦੇ ਅਧਿਕਾਰੀ ਅਫਰੀਕੀ ਮੂਲ ਦੇ ਅਮਰੀਕੀ ਨਾਗਰਿਕ ਐਡਮਸ ਨੇ ਮੇਅਰ ਅਹੁਦੇ ਦੀ ਚੋਣ ਵਿਚ ਇਤਿਹਾਸਕ ਜਿੱਤ ਹਾਸਲ ਕੀਤੀ ਸੀ। ਐਡਮਸ ਸੁਰਖੀਆ ਵਿਚ ਉਦੋਂ ਆਏ ਸਨ, ਜਦੋਂ ਰਾਸ਼ਟਰਪਤੀ ਬਾਈਡੇਨ ਮੇਅਰ ਦੀ ਮੌਜੂਦਗੀ ਵਿਚ ਕਾਨੂੰਨ ਅਤੇ ਵਿਵਸਥਾ ’ਤੇ ਆਪਣੀਆਂ ਨੀਤੀਆਂ ਦਾ ਆਗਾਜ਼ ਕਰਨ ਲਈ ਨਿਊਯਾਰਕ ਆਏ ਸਨ।
 


Vandana

Content Editor

Related News