ਅਮਰੀਕਾ 'ਚ ਸਿੱਖ ਪੁਲਸ ਅਫਸਰ ਦਾ ਗੋਲੀਆਂ ਮਾਰ ਕੇ ਕਤਲ (ਵੀਡੀਓ)

Saturday, Sep 28, 2019 - 09:09 AM (IST)

ਹਿਊਸਟਨ, (ਰਾਜ ਗੋਗਨਾ )- ਹਿਊਸਟਨ (ਟੈਕਸਾਸ) ਵਿਖੇ ਪਹਿਲੇ ਦਸਤਾਰਧਾਰੀ ਪੁਲਸ ਅਫਸਰ ਸੰਦੀਪ ਸਿੰਘ ਧਾਲੀਵਾਲ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਮਰੀਕੀ ਸਿੱਖ ਪੁਲਸ ਅਫਸਰ ਡਿਪਟੀ ਸੰਦੀਪ ਸਿੰਘ ਨੂੰ ਉਸ ਵੇਲੇ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਡਿਊਟੀ 'ਤੇ ਸੀ। ਜਾਣਕਾਰੀ ਮੁਤਾਬਕ 42 ਸਾਲਾ ਸੰਦੀਪ ਸਿੰਘ ਧਾਲੀਵਾਲ ਨੇ ਟ੍ਰੈਫਿਕ ਦੀ ਉਲੰਘਣਾ ਕਰਨ 'ਤੇ ਇਕ ਕਾਰ ਨੂੰ ਰੋਕਿਆ। ਗੁੱਸੇ 'ਚ ਕਾਰ ਸਵਾਰ ਨੇ ਸੰਦੀਪ ਧਾਲੀਵਾਲ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲੈ ਜਾਇਆ ਗਿਆ ਪਰ ਉੱਥੇ ਉਸ ਨੇ ਦਮ ਤੋੜ ਦਿੱਤਾ।
PunjabKesari

 

ਹੈਰਿਸ ਕਾਉਂਟੀ ਸ਼ੈਰਿਫ ਨੇ ਕਿਹਾ ਕਿ ਸੰਦੀਪ ਸਿੰਘ ਇਕ ਵਧੀਆ ਇਨਸਾਨ ਸੀ ਅਤੇ ਆਪਣੀ ਡਿਊਟੀ ਪੂਰੀ ਜ਼ਿੰਮੇਦਾਰੀ ਨਾਲ ਨਿਭਾਉਂਦਾ ਸੀ। ਉਸ ਦੀ ਮੌਤ ਪੁਲਸ ਵਿਭਾਗ ਲਈ ਇਕ ਮੰਦਭਾਗੀ ਖਬਰ ਹੈ। ਸੰਦੀਪ 3 ਬੱਚਿਆਂ ਦਾ ਪਿਤਾ ਸੀ। ਪੁਲਸ ਨੇ ਡੈਸ਼ ਕੈਮ 'ਚ ਰਿਕਾਰਡ ਵੀਡੀਓ ਦੇਖ ਕੇ ਦੱਸਿਆ ਕਿ ਕਾਰ ਸਵਾਰ ਤੇ ਸੰਦੀ ਵਿਚਕਾਰ ਲੰਬੀ ਬਹਿਸ ਨਹੀਂ ਹੋਈ ਪਰ ਹਮਲਾਵਰ ਨੇ ਇਕੋ ਦਮ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਵਿਅਕਤੀ ਤੇ ਇਕ ਔਰਤ ਨੂੰ ਹਿਰਾਸਤ 'ਚ ਲਿਆ ਗਿਆ ਹੈ। ਇੱਥੇ ਰਹਿੰਦੇ ਪੰਜਾਬੀ ਭਾਈਚਾਰੇ 'ਚ ਸੋਗ ਦੀ ਲਹਿਰ ਹੈ।


Related News