ਸੰਦੀਪ ਸਿੰਘ ਧਾਲੀਵਾਲ ਦੇ ਪਰਿਵਾਰ ਲਈ ਇਕੱਠਾ ਹੋਇਆ 6 ਲੱਖ ਡਾਲਰ ਤੋਂ ਵੱਧ ਫੰਡ

10/03/2019 12:18:33 PM

ਹਿਊਸਟਨ, (ਰਾਜ ਗੋਗਨਾ)— ਅਮਰੀਕਾ 'ਚ ਸਿੱਖ ਪੁਲਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦਾ ਕਤਲ ਕਰ ਦਿੱਤਾ ਗਿਆ ਸੀ। ਹਿਊਸਟਨ (ਟੈਕਸਾਸ) ਦੇ ਹਰਮਨ ਪਿਆਰੇ ਸਿੱਖ ਅਫ਼ਸਰ ਦੇ ਤਿੰਨ ਬੱਚਿਆਂ ਦੀ ਪੜ੍ਹਾਈ ਲਈ ਹੁਣ ਤੱਕ ਲੋਕਾਂ ਵਲੋਂ 6 ਲੱਖ ਡਾਲਰ ਇਕੱਠੇ ਕੀਤਾ ਜਾ ਚੁੱਕਾ ਹੈ। ਸੰਦੀਪ ਸਿੰਘ ਧਾਲੀਵਾਲ ਦੇ ਨਮਿਤ ਸਿੱਖ ਨੈਸ਼ਨਲ ਸੈਂਟਰ ਨੇ ਲੰਘੇ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ, ਜਿਸ ਦਾ ਭੋਗ ਬੁੱਧਵਾਰ ਨੂੰ ਪਾਇਆ ਗਿਆ। ਧਾਲੀਵਾਲ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕਰਦੇ ਹੋਏ ਹਰ ਭਾਈਚਾਰੇ ਦੇ ਲੋਕਾਂ ਨੇ ਆਪਣੀ ਸ਼ਰਧਾਂਜਲੀ ਅਤੇ ਧਾਲੀਵਾਲ ਪਰਿਵਾਰ ਲਈ ਮਾਲੀ ਮਦਦ ਦਿੱਤੀ।

ਯੁਨਾਈਟਿਡ ਸਿੱਖਜ਼ ਨਾਂ ਦੀ ਸੰਸਥਾ ਵਲੋਂ ਆਪਣੇ ਤੌਰ 'ਤੇ ਸੰਦੀਪ ਸਿੰਘ ਦੇ ਪਰਿਵਾਰ ਲਈ ਫੰਡ ਇੱਕਠਾ ਕੀਤਾ ਗਿਆ। ਇਸ ਮੌਕੇ ਪੇਸ਼ੇਵਰ ਸਪੈਨਿਸ਼ ਮੂਲ ਦੇ ਨੌਜਵਾਨ ਬਾਸਕਟਬਾਲ ਦੇ ਖਿਡਾਰੀ ਕਾਰਲੋਸ ਕਰੀਆ ਨੇ ਧਾਲੀਵਾਲ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ 10,000 ਡਾਲਰ ਦੀ ਰਾਸ਼ੀ ਦਿੱਤੀ। ਇਸ ਤੋਂ ਇਲਾਵਾ 'ਹਿਊਸਟਨ ਟੈਕਸਾਸ' ਨਾਂ ਦੇ ਇਕ ਰਗਬੀ ਕਲੱਬ ਨੇ ਆਪਣੇ ਇਕ ਮੈਚ ਦੌਰਾਨ ਇਕੱਠੀ ਕੀਤੀ ਸਾਰੀ ਰਾਸ਼ੀ ਧਾਲੀਵਾਲ ਪਰਿਵਾਰ ਨੂੰ ਸੌਂਪਣ ਦੀ ਵੀ ਗੱਲ ਕਹੀ। ਇੱਥੇ 'ਚਿਕ-ਫਿਲ-ਏ' ਨਾਂ ਦੇ ਇਕ ਰੈਸਟੋਰੈਂਟ ਨੇ ਸੰਦੀਪ ਧਾਲੀਵਾਲ ਨੂੰ ਆਪਣੀ ਸ਼ਰਧਾਂਜਲੀ ਦਿੰਦੇ ਹੋਏ ਉਨ੍ਹਾਂ ਦੇ ਨਾਂ 'ਤੇ ਇਕ ਟੇਬਲ ਸਥਾਪਤ ਕੀਤਾ। ਇੱਥੇ ਵਿਸ਼ੇਸ਼ ਤੌਰ 'ਤੇ ਦੱਸਣਾ ਬਣਦਾ ਹੈ ਕਿ ਹਾਲ ਹੀ ਵਿਚ ਪੰਜਾਬ ਵਿਚ ਆਏ ਹੜ੍ਹਾਂ ਦੌਰਾਨ ਉਨ੍ਹਾਂ ਦੇ ਪਿੰਡ 'ਚ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਟੀਮ ਨੇ ਸੰਦੀਪ ਸਿੰਘ ਦੀ ਅਗਵਾਈ ਵਿਚ ਹੀ ਕੰਮ ਕੀਤਾ ਸੀ।

ਜ਼ਿਕਰਯੋਗ ਹੈ ਕਿ ਸੈਂਕੜਿਆਂ ਦੀ ਗਿਣਤੀ 'ਚ ਸਥਾਨਕ ਲੋਕ ਸੰਦੀਪ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਹਿਊਸਟਨ ਦੇ ਬੇਰੀ ਸੈਂਟਰ ਵਿਚ ਇਕੱਠੇ ਹੋਏ। ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ।


Related News