ਚੀਨ ਦੇ ਗੁਆਂਗਝੂ ’ਚ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਪਾਬੰਦੀਆਂ ਲਾਗੂ
Saturday, May 29, 2021 - 03:50 PM (IST)
ਇੰਟਰਨੈਸ਼ਨਲ ਡੈਸਕ : ਚੀਨ ਦੇ ਦੱਖਣੀ ਸੂਬੇ ਗੁਆਂਗਝੂ ਦੇ ਕੁਝ ਇਲਾਕਿਆਂ ’ਚ ਕੋਰੋਨਾ ਵਾਇਰਸ ਦੀ ਲਾਗ ਦੇ ਮਾਮਲਿਆਂ ਵਿਚ ਵਾਧਾ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਕਈ ਗਤੀਵਿਧੀਆਂ ’ਤੇ ਰੋਕ ਲਗਾ ਦਿੱਤੀ ਗਈ ਤੇ ਲੋਕਾਂ ਨੂੰ ਆਪਣੇ ਘਰਾਂ ਵਿਚ ਰਹਿਣ ਲਈ ਕਿਹਾ ਗਿਆ। ਹਾਂਗਕਾਂਗ ਦੇ ਉੱਤਰ ’ਚ ਸਥਿਤ 1.5 ਕਰੋੜ ਦੀ ਆਬਾਦੀ ਵਾਲੇ ਕਾਰੋਬਾਰੀ ਅਤੇ ਉਦਯੋਗਿਕ ਕੇਂਦਰ ’ਚ ਪਿਛਲੇ ਹਫਤੇ ਤੋਂ ਕੋਰੋਨਾ ਵਾਇਰਸ ਦੀ ਲਾਗ ਦੇ 20 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਗਿਣਤੀ ਭਾਰਤ ਦੇ ਕਈ ਸ਼ਹਿਰਾਂ ’ਚ ਰੋਜ਼ਾਨਾ ਹਜ਼ਾਰਾਂ ਨਵੇਂ ਮਾਮਲਿਆਂ ਵਿਚ ਦਰਜ ਹੋਣ ਵਾਲੇ ਮਾਮਲਿਆਂ ਦੇ ਮੁਕਾਬਲੇ ਬਹੁਤ ਘੱਟ ਹੈ ਪਰ ਚੀਨੀ ਅਧਿਕਾਰੀ ਸਾਵਧਾਨੀ ਵਰਤ ਰਹੇ ਹਨ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਦੇਸ਼ ਵਿਚ ਲਾਗ ਦੀ ਸਥਿਤੀ ਕੰਟਰੋਲ ’ਚ ਹੈ।
‘ਗਲੋਬਲ ਟਾਈਮਜ਼’ ਅਖਬਾਰ ਨੇ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਹੈ ਕਿ ਲਾਗ ਤੇਜ਼ੀ ਨਾਲ ਫੈਲ ਗਈ ਹੈ। ਗੁਆਂਗਝੂ ਦੇ ਲਿਵਾਨ ਜ਼ਿਲ੍ਹੇ ਦੇ ਪੰਜ ਇਲਾਕਿਆਂ ਦੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ। ਬਾਜ਼ਾਰਾਂ, ਬੱਚਿਆਂ ਦੀ ਦੇਖਭਾਲ ਲਈ ਕੇਂਦਰ ਅਤੇ ਮਨੋਰੰਜਨ ਕੇਂਦਰ ਬੰਦ ਕਰ ਦਿੱਤੇ ਗਏ ਹਨ। ਰੈਸਟੋਰੈਂਟਾਂ ’ਚ ਲੋਕਾਂ ਦੇ ਆਉਣ ’ਤੇ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ। ਜ਼ਿਲ੍ਹੇ ਦੇ ਚਾਰ ਇਲਾਕਿਆਂ ਦੇ ਲੋਕਾਂ ਨੂੰ ਆਪਣੇ ਘਰਾਂ ’ਚ ਰਹਿਣ ਲਈ ਕਿਹਾ ਗਿਆ ਹੈ। ਚੀਨ ’ਚ ਕੋਰੋਨਾ ਵਾਇਰਸ ਦੀ ਲਾਗ ਦੇ 91,061 ਮਾਮਲੇ ਸਾਹਮਣੇ ਆਏ ਹਨ ਅਤੇ 4636 ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨੀ ਅਧਿਕਾਰੀ ਮੰਨਦੇ ਹਨ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਪਾਜ਼ੇਟਿਵ ਹੋ ਰਹੇ ਹਨ ਅਤੇ ਸਥਾਨਕ ਪੱਧਰ ’ਤੇ ਲਾਗ ਦੇ ਮਾਮਲੇ ਬਹੁਤ ਘੱਟ ਹਨ। ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨੀਵਾਰ ਕਿਹਾ ਕਿ ਗਵਾਂਗਝੂ ਵਿਚ ਸਥਾਨਕ ਤੌਰ ’ਤੇ ਦੋ ਨਵੇਂ ਅਤੇ ਦੇਸ਼ ਦੇ ਹੋਰ ਹਿੱਸਿਆਂ ਤੋਂ 14 ਨਵੇਂ ਮਾਮਲੇ ਸਾਹਮਣੇ ਆਏ ਹਨ।