ਅਮਰੀਕਾ ਦੇ ਇਸ ਸ਼ਹਿਰ ''ਚ 80 ਲੱਖ ਰੁਪਏ ਕਮਾਉਣ ਵਾਲਾ ਵੀ ਹੈ ਗਰੀਬ

07/12/2018 2:27:50 AM

ਨਵੀਂ ਦਿੱਲੀ— ਭਾਰਤ 'ਚ ਚਾਹੇ ਹੀ 80 ਲੱਖ ਰੁਪਏ ਦੀ ਸਾਲਾਨਾ ਕਮਾਈ ਕਰਨ ਵਾਲਿਆਂ ਨੂੰ ਅਮੀਰ ਮੰਨਿਆ ਜਾਂਦਾ ਹੈ ਪਰ ਅਮਰੀਕਾ ਦੇ ਸਾਨ ਫ੍ਰਾਂਸਿਸਕੋ ਸ਼ਹਿਰ 'ਚ ਇੰਨੀ ਇਨਕਮ ਵਾਲਿਆਂ ਨੂੰ ਗਰੀਬ ਮੰਨਿਆ ਜਾਂਦਾ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਸਾਨ ਫ੍ਰਾਂਸਿਸਕੋ 'ਚ ਜੇਕਰ ਤੁਸੀਂ 80 ਲੱਖ ਜਾਂ ਇਸ ਤੋਂ ਘੱਟ ਕਮਾ ਰਹੇ ਹੋ ਤਾਂ ਸਥਾਨਕ ਸਰਕਾਰ ਦੀ ਨਜ਼ਰ 'ਚ ਤੁਸੀਂ ਗਰੀਬ ਹੋ। ਅਮਰੀਕਾ ਦੇ ਰਿਹਾਇਸ਼ੀ ਤੇ ਸ਼ਹਿਰੀ ਵਿਭਾਗ ਦੀ ਰਿਪੋਰਟ ਦੇ ਆਧਾਰ 'ਤੇ ਬੀਬੀਸੀ ਨੇ ਦੱਸਿਆ ਕਿ ਸਾਨ ਫ੍ਰਾਂਸਿਸਕੋ, ਸਾਨ ਮਾਟਿਓ ਤੇ ਉਸ ਦੇ ਨੇੜੇ ਰਹਿਣ ਵਾਲਾ 4 ਮੈਂਬਰੀ ਪਰਿਵਾਰ ਜੇਕਰ 80 ਲੱਖ ਰੁਪਏ ਕਮਾਉਂਦਾ ਹੈ ਤਾਂ ਉਹ ਘੱਟ ਕਮਾਈ ਕਰਨ ਵਾਲਾ ਪਰਿਵਾਰ ਮੰਨਿਆ ਜਾਵੇਗਾ। ਜੇਕਰ ਪਰਿਵਾਰ ਦੀ ਕਮਾਈ 50 ਲੱਖ ਰੁਪਏ ਤੋਂ ਵੀ ਘੱਟ ਹੈ ਤਾਂ ਉਹ ਬੇਹੱਦ ਗਰੀਬ ਦੀ ਸ਼੍ਰੇਣੀ 'ਚ ਮੰਨਿਆ ਜਾਂਦਾ ਹੈ।
ਘਰ ਦਾ ਕਿਰਾਇਆ 2 ਲੱਖ ਰੁਪਏ
ਸਾਨ ਫ੍ਰਾਂਸਿਸਕੋ ਰਹਿਣ ਦੇ ਲਿਹਾਜ਼ ਨਾਲ ਸਸਤਾ ਬਿਲਕੁਲ ਵੀ ਨਹੀਂ ਹੈ। ਰਿਪੋਰਟ ਕਹਿੰਦੀ ਹੈ ਕਿ ਇਥੇ ਕਰੀਬ 2 ਬੀ.ਐੱਚ.ਕੇ. ਅਪਾਰਟਮੈਂਟ ਦਾ ਕਿਰਾਇਆ 2 ਲੱਖ ਰੁਪਏ ਮਹੀਨਾ ਜਾਂ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਹੈ। 2008 'ਚ ਇਹ ਕਰੀਬ 1 ਲੱਖ ਰੁਪਏ ਸੀ। ਅਮਰੀਕਾ ਦੇ ਹੋਰਾਂ ਸ਼ਹਿਰਾਂ ਦੇ ਮੁਕਾਬਲੇ ਇਹ ਕਿਰਾਇਆ ਕਰੀਬ 270 ਗੁਣਾ ਜ਼ਿਆਦਾ ਹੈ। ਇਹੀ ਕਾਰਨ ਗੈ ਕਿ ਸਥਾਨਕ ਸਰਕਾਰ ਨੇ 80 ਲੱਖ ਤੱਕ ਦੀ ਇਨਕਮ ਵਾਲੇ ਪਰਿਵਾਰਾਂ ਨੂੰ ਘੱਟ ਕਮਾਈ ਵਾਲੇ ਪਰਿਵਾਰਾਂ ਦੀ ਸੂਚੀ 'ਚ ਰੱਖਿਆ ਹੈ। ਇਸ ਸ਼ਹਿਰ 'ਚ 4 ਮੈਂਬਰਾਂ ਵਾਲੇ ਪਰਿਵਾਰ ਦੀ ਔਸਤ ਕਮਾਈ ਕਰੀਬ 81 ਲੱਖ ਰੁਪਏ ਹੈ।
8 ਸਾਲ 'ਚ 26 ਫੀਸਦੀ ਵਧੀ ਇਨਕਮ
ਸਾਨ ਫ੍ਰਾਂਸਿਸਕੋ 'ਚ ਕੁਝ ਸਾਲਾਂ ਦੌਰਾਨ ਲੋਕਾਂ ਦੀ ਇਨਕਮ 'ਚ ਜ਼ਬਰਦਸਤ ਇਜ਼ਾਫਾ ਦੇਖਣ ਨੂੰ ਮਿਲਿਆ ਹੈ। ਅਮਰੀਕੀ ਡਾਟਾ ਮੁਤਾਬਕ ਸਿਰਫ ਪਿਛਲੇ 8 ਸਾਲਾਂ ਦੌਰਾਨ ਇਥੋਂ ਦੇ ਕੰਮਕਾਜੀ ਵਰਗ ਦੀ ਔਸਤ ਕਮਾਈ 'ਚ 26 ਫੀਸਦੀ ਵਾਧਾ ਦੇਖਣ ਨੂੰ ਮਿਲਿਆ ਹੈ। ਇਹੀ ਕਾਰਨ ਹੈ ਕਿ ਅਮਰੀਕਾ ਦੇ ਹੋਰਾਂ ਸ਼ਹਿਰਾਂ ਦੇ ਮੁਕਾਬਲੇ ਇਥੇ ਲੋਕਾਂ ਦੀ ਔਸਤ ਕਮਾਈ ਕਰੀਬ 45 ਫੀਸਦੀ ਜ਼ਿਆਦਾ ਹੋ ਚੁੱਕੀ ਹੈ। ਇਨਕਮ ਵਧਣ ਦਾ ਸਭ ਤੋਂ ਵੱਡਾ ਕਾਰਨ ਆਈਟੀ ਇੰਡਸਟ੍ਰੀ 'ਚ ਆਈ ਤੇਜ਼ੀ ਹੈ। ਹਾਲਾਂਕਿ ਇਥੇ ਸਭ ਤੋਂ ਜ਼ਿਆਦਾ ਪੈਸਾ ਕਮਾਉਣ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਡਾਕਟਰ ਆਉਂਦੇ ਹਨ। ਇਸ ਤੋਂ ਬਾਅਦ ਸਰਕਾਰੀ ਕਰਮਚਾਰੀਆਂ ਤੇ ਫਿਰ ਸਾਫਟਵੇਅਰ ਇੰਜੀਨੀਅਰਜ਼ ਦਾ ਨੰਬਰ ਆਉਂਦਾ ਹੈ।
ਭਾਰਤ 'ਚ ਜੇਕਰ 80 ਲੱਖ ਰੁਪਏ ਕਮਾਉਂਦੇ ਤਾਂ ਕੀ ਹੁੰਦਾ?
ਅਮਰੀਕਾ ਦੇ ਸਾਨ ਫ੍ਰਾਂਸਿਸਕੋ ਸ਼ਹਿਰ 'ਚ ਚਾਹੇ ਹੀ 80 ਲੱਖ ਰੁਪਏ ਦੀ ਆਮਦਨ ਘੱਟ ਮੰਨੀ ਜਾਂਦੀ ਹੈ ਪਰ ਭਾਰਤ 'ਚ ਤੁਸੀਂ ਜੇਕਰ 80 ਲੱਖ ਰੁਪਏ ਕਮਾਉਂਦੇ ਹੋ ਤਾਂ ਤੁਸੀਂ ਟੈਕਸ ਸਲੈਬ ਦੇ ਸਭ ਤੋਂ ਹਾਇਅਰ ਇਨਕਮ ਗਰੁੱਪ 'ਚ ਗਿਣੇ ਜਾਓਗੇ। ਤੁਹਾਨੂੰ 30 ਫੀਸਦੀ ਸਾਲਾਨਾ ਦੇ ਹਿਸਾਬ ਨਾਲ ਆਪਣੀ ਇਨਕਮ 'ਤੇ ਟੈਕਸ ਦੇਣਾ ਪਵੇਗਾ। 80 ਲੱਖ ਰੁਪਏ 'ਚ ਤੁਸੀਂ ਆਪਣੇ ਦੇਸ਼ ਦੇ ਕਿਸੇ ਵੀ ਇਲਾਕੇ 'ਚ ਲਗਜ਼ਰੀ ਫਲੈਟ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਆਡੀ, ਜੈਗੁਆਰ, ਮਰਸਡੀਜ਼ ਵਰਗੀਆਂ ਕੰਪਨੀਆਂ ਦੀਆਂ ਲਗਜ਼ਰੀ ਕਾਰਾਂ ਵੀ ਖਰੀਗ ਸਕਦੇ ਹੋ।


Related News