ਸੈਨ ਫਰਾਂਸਿਸਕੋ ’ਚ ਕੋਰੋਨਾ ਵਾਇਰਸ ਕਾਰਨ ਸਥਾਨਕ ਐਮਰਜੈਂਸੀ ਦੀ ਘੋਸ਼ਣਾ

02/26/2020 10:13:57 AM

ਵਾਸ਼ਿੰਗਟਨ— ਅਮਰੀਕਾ ਦੇ ਸੈਨ ਫਰਾਂਸਿਸਕੋ ’ਚ ਕੋਰੋਨਾ ਵਾਇਰਸ ਦੇ ਵਧਦੇ ਖਤਰਿਆਂ ਦੇ ਮੱਦੇਨਜ਼ਰ ਸਥਾਨਕ ਐਮਰਜੈਂਸੀ ਘੋਸ਼ਿਤ ਕੀਤੀ ਗਈ ਹੈ। ਸੈਨ ਫਰਾਂਸਿਸਕੋ ਦੀ ਮੇਅਰ ਲੰਡਨ ਬ੍ਰੀਡ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਇਸ ਸਬੰਧੀ ਦੱਸਿਆ। 
ਬ੍ਰੀਡ ਨੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਕਿਹਾ,‘‘ ਵਿਸ਼ਵ ’ਚ ਕੋਰੋਨਾ ਵਾਇਰਸ ਦੇ ਲਗਾਤਾਰ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸਾਨੂੰ ਇਸ ਨਾਲ ਨਜਿੱਠਣ ਦੀ ਤਿਆਰੀ ਨਿਸ਼ਚਿਤ ਕਰਨ ਲਈ ਹੋਰ ਵਧੇਰੇ ਸਰੋਤ ਵੰਡਣ ਦੀ ਜ਼ਰੂਰਤ ਹੈ। ਸਾਨੂੰ ਅਧਿਕਾਰਕ ਕਾਰਵਾਈ ਕਰਨ ਦੀ ਜ਼ਰੂਰਤ ਹੈ। ਇਸ ਲਈ ਮੈਂ ਅੱਜ ਇਸ ਵਾਇਰਸ ਨਾਲ ਨਜਿੱਠਣ ਦੇ ਮੱਦਨੇਜ਼ਰ ਸਥਾਨਕ ਐਮਰਜੈਂਸੀ ਦੀ ਘੋਸ਼ਣਾ ਕਰ ਰਹੀ ਹਾਂ।’’ ਸੈਨ ਫਰਾਂਸਿਸਕੋ ’ਚ ਅਜੇ ਤਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਜ਼ਿਕਰਯੋਗ ਹੈ ਕਿ ਚੀਨ ’ਚ ਕੋੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2715 ਹੋ ਗਈ ਹੈ। ਹੁਣ ਤਕ ਕੁੱਲ 78,000 ਲੋਕਾਂ ਦੇ ਇਸ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ।


Related News