ਧੰਨ-ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ
Monday, Jul 15, 2024 - 05:47 PM (IST)
ਮਿਲਾਨ (ਸਾਬੀ ਚੀਨੀਆ) - ਲੁਸਾਰਾ ਇਟਲੀ ਦੀਆਂ ਸੰਗਤਾਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਵੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਆਰੰਭਤਾ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਨਾਲ ਕੀਤੀ ਗਈ। ਅਰਦਾਸ ਉਪਰੰਤ ਬੱਚਿਆਂ ਦੁਆਰਾ ਕੀਰਤਨ ਗਾਇਨ ਕੀਤਾ ਗਿਆ। ਕਥਾਵਾਚਕ ਭਾਈ ਤਲਵਿੰਦਰ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਨੇ ਕਥਾ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਲੁਸਾਰਾ ਦੀ ਮੇਅਰ ਸਤੇਲੀ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ। ਬਾਅਦ ਵਿੱਚ ਮੁੱਖ ਮਹਿਮਾਨ ਵਜੋਂ ਸਮਾਗਮ ਵਿੱਚ ਸ਼ਾਮਿਲ ਹੋਏ ਸ. ਭੂਪਿੰਦਰ ਸਿੰਘ ਹੋਲੈਂਡ ਤੇ ਡਾਕਟਰ ਗੁਰਿੰਦਰ ਸਿੰਘ ਇੰਡੀਆ ਨੇ ਸ਼ਹੀਦੀ ਦਿਹਾੜੇ ਦੇ ਸਮਾਗਮ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਸ. ਭੂਪਿੰਦਰ ਸਿੰਘ ਨੇ ਦੂਸਰੀ ਸੰਸਾਰ ਜੰਗ 'ਚ ਸ਼ਹੀਦ ਹੋਏ ਸਿੱਖ ਫੌਜੀਆਂ ਦੇ ਸਬੰਧ ਵਿੱਚ ਲਿਖੀ ਕਿਤਾਬ ‘ਸਿੱਖਜ ਇਨ ਵਰਲਡ ਵਾਰ-2’ ਲੁਸਾਰਾ ਦੀ ਮੇਅਰ ਨੂੰ ਭੇਟ ਕੀਤੀ। ਜਿਸ ਵਿਚ ਹਰ ਇਕ ਸਿੱਖ ਫੌਜੀ ਦਾ ਨਾਂ ਤੇ ਪਿੰਡ ਲਿਖਿਆ ਹੋਇਆ ਹੈ।
ਡਾਕਟਰ ਗੁਰਿੰਦਰ ਸਿੰਘ ਨੇ ਇੰਡੀਆ ਤੋਂ ਦੂਸਰੀ ਸੰਸਾਰ ਜੰਗ ਦੇ ਨਾਲ ਸਬੰਧਤ ਫੋਟੋ ਤੇ ਇਕ ਮੈਡਲ ਮੇਅਰ ਨੂੰ ਭੇਂਟ ਕੀਤਾ ਤੇ ਹੋਰ ਕਈ ਇਟਾਲੀਅਨ ਬੀਬੀਆਂ ਦਾ ਵੀ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਇਟਲੀ ਦੇ ਪ੍ਰਸਿੱਧ ਢਾਡੀ ਭਾਈ ਸੁਖਬੀਰ ਸਿੰਘ ਭੋਰ ਅਤੇ ਜਥੇ ਨੇ ਸੰਗਤਾਂ ਨੂੰ ਢਾਡੀ ਵਾਰਾਂ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਇਸ ਮੌਕੇ ਗੁਰੂ ਕਾ ਲੰਗਰ ਅਟੁਟ ਵਰਤਿਆ। ਲੰਗਰ ਦੀ ਸੇਵਾ ਗੁਰਦਆਰਾ ਸਿੰਘ ਸਭਾ ਨੋਵੋਲਾਰਾ ਦੁਆਰਾ ਕੀਤੀ ਗਈ। ਸੰਗਤਾਂ ਦੇ ਸਹਿਯੋਗ ਨਾਲ ਕਈ ਤਰ੍ਹਾਂ ਦੇ ਸਟਾਲ ਵੀ ਲਗਾਏ ਗਏ।