ਸਾਹਿਤ ਸੁਰ ਸੰਗਮ ਸਭਾ ਇਟਲੀ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ’ਤੇ ਕੀਤਾ ਆਨਲਾਈਨ ਸਮਾਗਮ
Tuesday, Aug 17, 2021 - 04:05 PM (IST)
ਰੋਮ/ਇਟਲੀ (ਕੈਂਥ)-ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਜ਼ੂਮ ਐਪ ਉੱਪਰ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ਉੱਪਰ ਚਰਚਾ ਕਰਨ ਹਿੱਤ ਆਨਲਾਈਨ ਸਮਾਗਮ ਕੀਤਾ ਗਿਆ। ਸਭਾ ਦੇ ਮੰਚ ਸੰਚਾਲਕ ਦਲਜਿੰਦਰ ਰਹਿਲ ਨੇ ਸ਼ੁਰੂਆਤ ਕਰਦਿਆਂ ਉੱਪ ਪ੍ਰਧਾਨ ਰਾਣਾ ਅਠੌਲਾ ਨੂੰ ਸੱਦਾ ਦਿੱਤਾ, ਜਿਨ੍ਹਾਂ ਨੇ ਨਿਰਵੈਲ ਸਿੰਘ ਢਿੱਲੋਂ ਨੂੰ ਸਮਰਪਿਤ ਭਾਵਪੂਰਤ ਸ਼ੇਅਰ ਨਾਲ ਬੜੇ ਸੁੰਦਰ ਸ਼ਬਦਾਂ ਵਿੱਚ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਬਲਵਿੰਦਰ ਸਿੰਘ ਚਾਹਲ ਨੇ ਨਿਰਵੈਲ ਸਿੰਘ ਢਿੱਲੋਂ ਬਾਰੇ ਬੋਲਦਿਆਂ ਉਨ੍ਹਾਂ ਦੇ ਸਾਹਿਤਕ ਜੀਵਨ ਅਤੇ ਸ਼ਖਸੀਅਤ ’ਤੇ ਚਾਨਣਾ ਪਾਇਆ। ਇਸ ਤੋਂ ਬਾਅਦ ਬਿੰਦਰ ਕੋਲੀਆਂਵਾਲ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਕਾਰੀ ਸਫਰ ਅਤੇ ਸਭਾ ਵਿੱਚ ਆਮਦ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਪੰਜਾਬੀ ਲੋਕ ਗਾਇਕ ਗੁਰਮੀਤ ਮੀਤ ਨੇ ਜਿੱਥੇ ਉਨ੍ਹਾਂ ਦਾ ਲਿਖਿਆ ਗੀਤ ਗਾ ਕੇ ਸੁਣਾਇਆ, ਉੱਥੇ ਇਹ ਵੀ ਦੱਸਿਆ ਕਿ ਨਿਰਵੈਲ ਸਿੰਘ ਢਿੱਲੋਂ ਨੇ “ਰੁੱਖ, ਕੁੱਖ ਤੇ ਪਾਣੀ” ਗੀਤ ਦੁਆਰਾ ਆਪਣੀ ਪਰਪੱਕ ਗੀਤਕਾਰੀ, ਆਪਣੀ ਉੱਚੀ ਸੁੱਚੀ ਸੋਚ ਅਤੇ ਸਮਾਜ ਦਾ ਅਹਿਸਾਸ ਕਰਵਾਇਆ ਹੈ। ਇਸ ਤੋਂ ਬਾਅਦ ਪੰਜਾਬੀ ਗਾਇਕ ਬਲਵੀਰ ਸ਼ੇਰਪੁਰੀ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤ ਖਾਲਸਾ ਪੰਥ, ਪਵਿੱਤਰ ਕਾਲੀ ਵੇਈਂ, ਪੈਸਾ ਪੈਸਾ, ਜੁੱਗ ਜੁੱਗ ਜੀਓ, ਧੀਆਂ ਅਤੇ ਹੋਰ ਕਈ ਗੀਤਾਂ ਨੂੰ ਸਭ ਨਾਲ ਸਾਂਝਾ ਕੀਤਾ ਅਤੇ ਦੱਸਿਆ ਕਿ ਢਿੱਲੋਂ ਸਾਹਿਬ ਸਦਾ ਹੀ ਸਾਫ ਸੁਥਰੀ ਗੀਤਕਾਰੀ ਅਤੇ ਗਾਇਕੀ ਦੇ ਹੱਕ ਵਿੱਚ ਰਹੇ ਹਨ। ਪ੍ਰੋ. ਜਸਪਾਲ ਸਿੰਘ ਇਟਲੀ ਨੇ ਵੀ ਇਸ ਸਮੇਂ ਬੋਲਦਿਆਂ ਨਿਰਵੈਲ ਸਿੰਘ ਢਿੱਲੋਂ ਦੀ ਵਿਲੱਖਣ ਗੀਤਕਾਰੀ ਦੀ ਪ੍ਰੋੜਤਾ ਕੀਤੀ ਅਤੇ ਅਜਿਹੀ ਸੋਚ ’ਤੇ ਪਹਿਰਾ ਦੇਣ ਲਈ ਉਨ੍ਹਾਂ ਦਾ ਖਾਸ ਤੌਰ ’ਤੇ ਧੰਨਵਾਦ ਵੀ ਕੀਤਾ। ਗੀਤਕਾਰ ਸਿੱਕੀ ਝੱਜੀ ਪਿੰਡ ਵਾਲਾ ਨੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ਬਾਰੇ ਬੋਲਦਿਆਂ ਕਿਹਾ ਕਿ ਢਿੱਲੋਂ ਸਾਹਿਬ ਦੇ ਗੀਤ ਸਮਾਜ ਲਈ ਇੱਕ ਚੰਗਾ ਸੁਨੇਹਾ ਹਨ। ਦਲਜਿੰਦਰ ਰਹਿਲ ਨੇ ਕਿਹਾ ਕਿ ਬੇਸ਼ੱਕ ਨਿਰਵੈਲ ਸਿੰਘ ਢਿੱਲੋਂ ਕਮਰਸ਼ੀਅਲ ਗੀਤਕਾਰ ਨਹੀਂ ਹਨ ਪਰ ਜੋ ਸੁਨੇਹਾ ਉਹ ਸਮਾਜ ਲਈ ਦੇ ਰਹੇ ਹਨ, ਉਹ ਇੱਕ ਸਮਰੱਥ ਗੀਤਕਾਰ ਹੀ ਦੇ ਸਕਦਾ ਹੈ।
ਨਿਰਵੈਲ ਸਿੰਘ ਢਿੱਲੋਂ ਨੇ ਇਸ ਸਮਾਗਮ ਲਈ ਸਭਾ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਾਫ ਸੁਥਰੀ ਤੇ ਸਮਾਜਿਕ ਸੇਧ ਵਾਲੀ ਗੀਤਕਾਰੀ ਦੀ ਵਚਨਬੱਧਤਾ ਦੁਹਰਾਈ। ਅੰਤ ਵਿੱਚ ਬਲਵਿੰਦਰ ਸਿੰਘ ਚਾਹਲ ਨੇ ਸਭ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਨਿਰਵੈਲ ਸਿੰਘ ਢਿੱਲੋਂ ਬਾਰੇ ਕਿਹਾ ਕਿ ਅਜਿਹੇ ਪਰਿਵਾਰਕ, ਸਭਿਆਚਾਰਕ ਅਤੇ ਸਮਾਜਿਕ ਵਿਸ਼ਿਆਂ ਉੱਪਰ ਲਿਖੇ ਨਿਰਵੈਲ ਸਿੰਘ ਢਿੱਲੋਂ ਦੇ ਗੀਤਾਂ ਬਾਰੇ ਗੱਲਬਾਤ ਕਰਦਿਆਂ ਅਸੀਂ ਆਪਣੇ ਨੂੰ ਮਾਣਮੱਤਾ ਮਹਿਸੂਸ ਕਰਦੇ ਹਾਂ। ਦਲਜਿੰਦਰ ਰਹਿਲ ਦੀ ਸੰਚਾਲਨਾ ਕਮਾਲ ਸੀ, ਜਿਸ ਵਿੱਚ ਉਹ ਆਪਣੇ ਪ੍ਰਭਾਵਸ਼ਾਲੀ ਸ਼ਾਇਰਾਨਾ ਅੰਦਾਜ਼ ਵਿੱਚ ਸਭ ਨੂੰ ਪ੍ਰਭਾਵਿਤ ਕਰਨ ਵਿੱਚ ਸਫਲ ਰਹੇ।