ਕੋਵਿਡ-19: ਕੀ ਦੱਖਣੀ ਕੋਰੀਆ ਦੀ ਮਿਹਨਤ ਜਾਵੇਗੀ ਫਜ਼ੂਲ, ਨਾਈਟ ਕਲੱਬ ਬਣੇ ਸਿਰਦਰਦੀ
Sunday, May 10, 2020 - 03:03 PM (IST)
ਸਿਓਲ- ਕੋਰੋਨਾ ਵਾਇਰਸ ਦੇ ਖਿਲਾਫ ਦੱਖਣੀ ਕੋਰੀਆ ਨੇ ਜਿਸ ਤਰ੍ਹਾਂ ਦੀ ਰਣਨੀਤੀ ਅਪਣਾਈ ਉਸ ਦੀ ਦੁਨੀਆਭਰ ਵਿਚ ਸ਼ਲਾਘਾ ਹੋ ਰਹੀ ਹੈ। ਕੀ ਦੱਖਣੀ ਕੋਰੀਆ ਦੀ ਇਸ ਮਿਹਨਤ 'ਤੇ ਪਾਣੀ ਫਿਰ ਸਕਦਾ ਹੈ? ਇਹ ਸਵਾਲ ਇਸ ਲਈ ਕਿਉਂਕਿ 24 ਘੰਟਿਆਂ ਦੌਰਾਨ ਦੱਖਣੀ ਕੋਰੀਆ ਵਿਚ ਇਨਫੈਕਸ਼ਨ ਦੇ 34 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਸਾਰੇ ਮਾਮਲਿਆਂ ਵਿਚ ਇਕ ਸਮਾਨਤਾ ਹੈ ਕਿ ਇਹ ਕਲੱਬ ਜਾਂਦੇ ਰਹੇ ਹਨ।
ਦੱਖਣੀ ਕੋਰੀਆ ਵਿਚ ਹੁਣ ਕੋਰੋਨਾ ਵਾਇਰਸ ਦੇ ਦੂਜੇ ਪੜਾਅ ਵਿਚ ਇਨਫੈਕਸ਼ਨ ਫੈਲਣ ਦਾ ਡਰ ਲੋਕਾਂ ਦੇ ਦਿਲਾਂ ਵਿਚ ਹੈ। ਅਸਲ ਵਿਚ ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ ਸਾਰੇ ਮਾਮਲੇ ਕਲੱਬ ਜਾਣ ਵਾਲਿਆਂ ਨਾਲ ਜੁੜੇ ਹਨ। ਪੱਤਰਕਾਰ ਏਜੰਸੀ ਏਪੀ ਮੁਤਾਬਕ ਕੋਰੀਆ ਸੈਂਟਰ ਫਾਰ ਡਿਸੀਜ ਕੰਟਰੋਲ ਐਂਡ ਪ੍ਰਿਵੈਂਸ਼ਨ ਵਲੋਂ ਐਤਵਾਰ ਨੂੰ ਜਾਰੀ ਅੰਕੜਿਆਂ ਵਿਚ ਕੋਰੋਨਾ ਵਾਇਰਸ ਕਾਰਣ 256 ਮੌਤਾਂ ਦੇ ਨਾਲ ਹੁਣ ਤੱਕ 10,874 ਮਾਮਲੇ ਸਾਹਮਣੇ ਆਉਣ ਦੀ ਸੂਚਨਾ ਦਿੱਤੀ। ਦੱਸਿਆ ਜਾ ਰਿਹਾ ਹੈ ਕਿ 9,610 ਲੋਕ ਠੀਕ ਹੋ ਗਏ ਹਨ। ਵਾਇਰਸ ਦੇ ਮੁੜ ਪਰਤਣ ਦੇ ਡਰ ਨਾਲ ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿਚ ਸਾਰੇ ਕਲੱਬਾਂ ਤੇ ਬਾਰਾਂ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਗਿਆ ਹੈ। ਹਾਲਾਂਕਿ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਦਾ ਕਹਿਣਾ ਹੈ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ।
ਐਤਵਾਰ ਨੂੰ ਦਿੱਤੇ ਭਾਸ਼ਣ ਵਿਚ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਬੇਪਰਵਾਹ ਨਾ ਹੋਣ ਦੀ ਅਪੀਲ ਕੀਤੀ ਹੈ ਪਰ ਨਾਲ ਹੀ ਇਹ ਵੀ ਕਿਹਾ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਤੋਂ ਡਰਨ ਦੀ ਲੋੜ ਨਹੀਂ ਹੈ। ਰਾਸ਼ਟਰਪਤੀ ਮੂਨ ਜੇ-ਇਨ ਨੇ ਕਿਹਾ ਕਿ ਉਹਨਾਂ ਦੇ ਸਿਹਤ ਅਧਿਕਾਰੀਆਂ ਨੂੰ ਸਿਓਲ ਦੇ ਇਟੇਵੋਨ ਜ਼ਿਲੇ ਦੇ ਨਾਈਟ ਕਲੱਬਾਂ ਵਿਚ ਹਾਲ ਦੇ ਦਿਨਾਂ ਵਿਚ ਕਈ ਨਵੇਂ ਮਾਮਲਿਆਂ ਦਾ ਪਤਾ ਲੱਗਿਆ ਹੈ। ਇਸ ਤੋਂ ਪਹਿਲਾਂ, ਦੱਖਣੀ ਕੋਰੀਆ ਵਿਚ ਇਨਫੈਕਸ਼ਨ ਦੇ ਮਾਮਲੇ ਘੱਟ ਰਹੇ ਸਨ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਸਮਾਜਿਕ ਦੂਰੀ ਸਬੰਧੀ ਨਿਯਮਾਂ ਵਿਚ ਕੁਝ ਰਾਹਤਾਂ ਦੇ ਦਿੱਤੀਆਂ ਸਨ। ਮੂਨ ਨੇ ਕਿਹਾ ਕਿ ਮਨੋਰੰਜਨ ਕੇਂਦਰਾਂ ਵਿਚ ਉਭਰੇ ਇਨਫੈਕਸ਼ਨ ਦੇ ਨਵੇਂ ਮਾਮਲਿਆਂ ਨੇ ਇਸ ਗੱਲ ਦੇ ਪ੍ਰਤੀ ਜਾਗਰੂਕ ਰਹਿਣ ਦੀ ਲੋੜ ਦੱਸੀ ਹੈ ਕਿ ਕਿਸੇ ਵੀ ਵੇਲੇ ਹਾਲਾਤ ਬਦਲ ਸਕਦੇ ਹਨ। ਮਹਾਮਾਰੀ ਤੋਂ ਬਚਾਅ ਦੇ ਸਬੰਧ ਵਿਚ ਸਾਨੂੰ ਕਦੇ ਬੇਪਰਵਾਹ ਨਹੀਂ ਹੋਣਾ ਚਾਹੀਦਾ।
ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਫਿਲਹਾਲ ਡਰਣ ਦਾ ਕੋਈ ਕਾਰਣ ਨਹੀਂ ਹੈ। ਸਾਡੇ ਕੋਲ ਕਿਸੇ ਵੀ ਮਾਮਲੇ ਨਾਲ ਨਿਪਟਣ ਦਾ ਤਜ਼ਰਬਾ ਹੈ। ਜ਼ਿਕਰਯੋਗ ਹੈ ਕਿ ਦੱਖਣੀ ਕੋਰੀਆ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ-19 ਦੇ 34 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨਫੈਕਸ਼ਨ ਦੇ ਮਾਮਲਿਆਂ ਵਿਚ ਇਹ ਵਾਧਾ ਕਲੱਬ ਜਾਣ ਵਾਲਿਆਂ ਨਾਲ ਸਬੰਧਤ ਹੈ, ਜੋ ਵਾਇਰਸ ਦੇ ਖਿਲਾਫ ਜੰਗ ਵਿਚ ਦੇਸ਼ ਨੂੰ ਬੜੀ ਮੁਸ਼ਕਲ ਨਾਲ ਮਿਲੀ ਜਿੱਤ ਨੂੰ ਜੋਖਿਮ ਵਿਚ ਪਾ ਰਹੇ ਹਨ।