ਰੂਸੀ ਅਧਿਕਾਰੀਆਂ ਨੇ ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕੇ 'ਚ ਮਨਾਇਆ 'ਰੂਸ ਦਿਵਸ', ਪਾਸਪੋਰਟ ਵੰਡਣ ਦਾ ਕੰਮ ਸ਼ੁਰੂ

Monday, Jun 13, 2022 - 10:26 AM (IST)

ਕੀਵ (ਭਾਸ਼ਾ)- ਰੂਸ ਦੇ ਕਬਜ਼ੇ ਵਾਲੇ ਦੱਖਣੀ ਯੂਕ੍ਰੇਨ ਵਿੱਚ ਕ੍ਰੇਮਲਿਨ ਦੁਆਰਾ ਤਾਇਨਾਤ ਅਧਿਕਾਰੀਆਂ ਨੇ ਐਤਵਾਰ ਨੂੰ 'ਰੂਸ ਦਿਵਸ' ਮਨਾਇਆ ਅਤੇ ਇੱਕ ਸ਼ਹਿਰ ਦੇ ਵਸਨੀਕਾਂ ਨੂੰ ਰੂਸੀ ਪਾਸਪੋਰਟ ਜਾਰੀ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਨੇ ਇਸ ਲਈ ਬੇਨਤੀ ਕੀਤੀ ਸੀ। ਅਸਲ ਵਿਚ ਰੂਸ ਯੂਕ੍ਰੇਨ ਦੇ ਕਬਜ਼ੇ ਵਾਲੇ ਹਿੱਸਿਆਂ 'ਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਰੂਸ ਦੀ ਸਰਕਾਰੀ ਸਮਾਚਾਰ ਏਜੰਸੀ ਆਰ.ਆਈ.ਏ. ਨੋਵੋਸਤੀ ਦੇ ਅਨੁਸਾਰ ਰੂਸ ਦੇ ਇੱਕ ਬੈਂਡ ਨੇ ਖੇਰਸਨ ਸ਼ਹਿਰ ਦੇ ਇੱਕ ਵੱਡੇ ਚੌਕ ਵਿੱਚ ਰੂਸ ਦਿਵਸ ਮਨਾਉਣ ਲਈ ਪੇਸ਼ਕਾਰੀ ਦਿੱਤੀ। 'ਰੂਸ ਦਿਵਸ' ਸੋਵੀਅਤ ਯੂਨੀਅਨ ਦੇ ਭੰਗ ਹੋਣ ਤੋਂ ਬਾਅਦ ਰੂਸ ਦੇ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਵਜੋਂ ਉਭਾਰ ਨੂੰ ਦਰਸਾਉਣ ਲਈ ਮਨਾਇਆ ਜਾਂਦਾ ਹੈ। 

ਜ਼ਪੋਰੀਝਜ਼ਿਆ ਵਿੱਚ ਤਾਇਨਾਤ ਰੂਸੀ ਅਧਿਕਾਰੀਆਂ ਨੇ ਮੇਲੀਟੋਪੋਲ ਸ਼ਹਿਰ ਵਿੱਚ ਰੂਸ ਦਾ ਝੰਡਾ ਲਹਿਰਾਇਆ। ਰੂਸ ਦਿਵਸ ਨੂੰ ਯੂਕ੍ਰੇਨ ਦੇ ਹੋਰ ਕਬਜ਼ੇ ਵਾਲੇ ਹਿੱਸਿਆਂ ਵਿੱਚ ਵੀ ਮਨਾਇਆ ਗਿਆ, ਜਿਸ ਵਿੱਚ ਮਾਰੀਉਪੋਲ ਦੀ ਤਬਾਹ ਹੋਈ ਦੱਖਣੀ ਬੰਦਰਗਾਹ ਵੀ ਸ਼ਾਮਲ ਹੈ। ਉੱਥੇ ਬਾਹਰੀ ਖੇਤਰਾਂ ਵਿੱਚ ਰੂਸੀ ਝੰਡੇ ਪੇਂਟ ਕੀਤੇ ਗਏ ਹਨ ਅਤੇ ਸ਼ਹਿਰ ਨੂੰ ਜਾਣ ਵਾਲੇ ਹਾਈਵੇਅ 'ਤੇ ਰੂਸੀ ਝੰਡੇ ਵੀ ਲਗਾਏ ਗਏ ਸਨ। ਇਸ ਤੋਂ ਇਲਾਵਾ ਮੇਲੀਟੋਪੋਲ ਵਿਚ ਰੂਸੀ ਪ੍ਰਸ਼ਾਸਨ ਨੇ ਰੂਸੀ ਨਾਗਰਿਕਤਾ ਲਈ ਅਰਜ਼ੀ ਦੇਣ ਵਾਲੇ ਲੋਕਾਂ ਨੂੰ ਰੂਸੀ ਪਾਸਪੋਰਟ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ। ਆਰ.ਆਈ.ਏ. ਨੋਵੋਸਤੀ ਨੇ ਇੱਕ ਰੂਸੀ ਸਮਰਥਿਤ ਅਧਿਕਾਰੀ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਹ ਨਵੇਂ ਰੂਸੀ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਨਾਗਰਿਕਾਂ ਨੂੰ ਕਿਹਾ ਕਿ ਰੂਸ ਕਿਤੇ ਨਹੀਂ ਜਾਵੇਗਾ। ਅਸੀਂ ਇੱਥੇ ਤੁਹਾਡੇ ਬਿਹਤਰੀ ਲਈ ਹਾਂ। 

ਪੜ੍ਹੋ ਇਹ ਅਹਿਮ ਖ਼ਬਰ- ਚੀਨ ਨੇ ਅਮਰੀਕਾ 'ਤੇ ਵਿੰਨ੍ਹਿਆ ਨਿਸ਼ਾਨਾ, ਏਸ਼ੀਆ 'ਚ ਸਮਰਥਨ 'ਹਾਈਜੈਕ' ਦੀ ਕੋਸ਼ਿਸ਼ ਦਾ ਲਗਾਇਆ ਦੋਸ਼

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਖੇਰਸਨ ਅਤੇ ਜ਼ਪੋਰੀਝੀਆ ਖੇਤਰਾਂ ਦੇ ਵਸਨੀਕਾਂ ਨੂੰ ਰੂਸੀ ਨਾਗਰਿਕਤਾ ਦੇਣ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਸੀ। ਦੱਖਣ ਅਤੇ ਪੂਰਬ ਵਿੱਚ ਕਬਜ਼ੇ ਵਾਲੇ ਸ਼ਹਿਰਾਂ ਵਿੱਚ, ਰੂਸ ਨੇ 'ਰੂਬਲ' (ਰੂਸੀ ਮੁਦਰਾ) ਨੂੰ ਅਧਿਕਾਰਤ ਮੁਦਰਾ ਵਜੋਂ ਪੇਸ਼ ਕੀਤਾ, ਰੂਸੀ ਖ਼ਬਰਾਂ ਦਾ ਪ੍ਰਸਾਰਣ ਕੀਤਾ ਅਤੇ ਇੱਕ ਰੂਸੀ ਸਕੂਲ ਪਾਠਕ੍ਰਮ ਸ਼ੁਰੂ ਕਰਨ ਲਈ ਕਈ ਕਦਮ ਚੁੱਕੇ। ਸਥਾਨਕ ਨਿਵਾਸੀਆਂ ਵਿੱਚ ਵਿਦਰੋਹ ਅਤੇ ਵਿਰੋਧ ਦੇ ਸੰਕੇਤਾਂ ਦੇ ਬਾਵਜੂਦ, ਖੇਰਸਨ ਅਤੇ ਜ਼ਪੋਰੀਝੀਆ ਖੇਤਰਾਂ ਵਿੱਚ ਕ੍ਰੇਮਲਿਨ ਪ੍ਰਸ਼ਾਸਕਾਂ ਨੇ ਇਹਨਾਂ ਖੇਤਰਾਂ ਨੂੰ ਰੂਸ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ। ਇਸ ਦੌਰਾਨ ਰੂਸ ਦੁਆਰਾ ਤਾਇਨਾਤ ਅਧਿਕਾਰੀਆਂ ਨੇ ਐਤਵਾਰ ਨੂੰ ਕਿਹਾ ਕਿ ਮੇਲੀਟੋਪੋਲ ਵਿੱਚ ਸ਼ਹਿਰ ਦੇ ਪੁਲਸ ਹੈੱਡਕੁਆਰਟਰ ਦੇ ਨੇੜੇ ਇੱਕ ਡਸਟਬਿਨ ਵਿੱਚ ਇੱਕ ਧਮਾਕਾ ਹੋਇਆ, ਜਿਸ ਵਿੱਚ ਦੋ ਸਥਾਨਕ ਲੋਕ ਜ਼ਖਮੀ ਹੋ ਗਏ। ਰੂਸ ਦੇ ਨਿਯੰਤਰਿਤ ਸ਼ਹਿਰ ਬਾਰਡੀਅਨਸਕ ਵਿੱਚ ਇੱਕ ਬਿਜਲੀ ਸਬਸਟੇਸ਼ਨ ਵਿੱਚ ਵੀ ਇੱਕ ਧਮਾਕਾ ਹੋਇਆ। ਕ੍ਰੇਮਲਿਨ ਸਮਰਥਿਤ ਪ੍ਰਸ਼ਾਸਨ ਨੇ ਇਸ ਨੂੰ ਅੱਤਵਾਦੀ ਹਮਲਾ ਦੱਸਿਆ ਅਤੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਬਿਜਲੀ ਕੱਟ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News