ਰੂਸ-ਯੂਕ੍ਰੇਨ ਵਿਚਾਲੇ ਤੇਜ਼ ਹੋਏ ਹਮਲੇ ! ਦੋਵਾਂ ਪਾਸੇ 4 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ

Saturday, Aug 22, 2026 - 04:16 PM (IST)

ਰੂਸ-ਯੂਕ੍ਰੇਨ ਵਿਚਾਲੇ ਤੇਜ਼ ਹੋਏ ਹਮਲੇ ! ਦੋਵਾਂ ਪਾਸੇ 4 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਪਿਛਲੇ 4 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਦਿਨੋ-ਦਿਨ ਭਿਆਨਕ ਰੂਪ ਧਾਰਦੀ ਜਾ ਰਹੀ ਹੈ ਤੇ ਦੋਵਾਂ ਪਾਸਿਓਂ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਇਸੇ ਦੌਰਾਨ ਹੋਏ ਤਾਜ਼ਾ ਡਰੋਨ ਅਤੇ ਮਿਜ਼ਾਈਲ ਹਮਲਿਆਂ 'ਚ ਦੋਵਾਂ ਪਾਸਿਆਂ ਤੋਂ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਮਲੇ ਮੱਧ ਯੂਕ੍ਰੇਨ ਦੇ ਸ਼ਾਪਿੰਗ ਸੈਂਟਰ 'ਤੇ ਹੋਏ ਭਿਆਨਕ ਹਮਲੇ ਦੇ ਅਗਲੇ ਹੀ ਦਿਨ ਹੋਏ ਹਨ, ਜਿਸ 'ਚ ਘੱਟੋ-ਘੱਟ 16 ਲੋਕ ਮਾਰੇ ਗਏ ਸਨ।

ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਅਨੁਸਾਰ, ਰਾਜਧਾਨੀ ਕੀਵ ਦੇ ਰੇਲਵੇ ਢਾਂਚੇ 'ਤੇ ਬੈਲਿਸਟਿਕ ਮਿਜ਼ਾਈਲ ਡਿੱਗਣ ਨਾਲ 1 ਵਿਅਕਤੀ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ, ਜਦਕਿ ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਕੀਵ ਦੇ ਲੋਕੋਮੋਟਿਵ ਡਿਪੋ ਨੂੰ ਨਿਸ਼ਾਨਾ ਬਣਾਇਆ ਸੀ।

ਇਸ ਤੋਂ ਇਲਾਵਾ ਜ਼ਾਪੋਰਿਜ਼ਜ਼ੀਆ 'ਚ ਰਾਤ ਵੇਲੇ ਇਕ ਪਿੰਡ 'ਤੇ ਹੋਏ ਰੂਸੀ ਡਰੋਨ ਹਮਲੇ 'ਚ 1 ਵਿਅਕਤੀ ਦੀ ਮੌਤ ਹੋ ਗਈ, ਜਦਕਿ ਇੱਕ ਮਿਨੀਬੱਸ 'ਤੇ ਹੋਏ ਹਮਲੇ 'ਚ 3 ਲੋਕ ਜ਼ਖਮੀ ਹੋ ਗਏ। ਰੂਸ ਵੱਲੋਂ ਕੀਵ 'ਤੇ ਬੈਲਿਸਟਿਕ ਮਿਜ਼ਾਈਲ ਹਮਲੇ ਤੇਜ਼ ਕਰ ਦਿੱਤੇ ਗਏ ਹਨ, ਜਦਕਿ ਯੂਕ੍ਰੇਨ ਕੋਲ ਇਨ੍ਹਾਂ ਨੂੰ ਡੇਗਣ ਲਈ ਅਮਰੀਕਾ ਵੱਲੋਂ ਬਣਾਏ ਗਏ 'ਪੈਟ੍ਰਿਅਟ' ਏਅਰ ਡਿਫੈਂਸ ਮਿਜ਼ਾਈਲਾਂ ਦੀ ਭਾਰੀ ਘਾਟ ਪੈਦਾ ਹੋ ਹੋਈ ਹੈ।

ਇਸ ਮਗਰੋਂ ਰੂਸ ਦੇ ਦੱਖਣੀ ਕ੍ਰਾਸਨੋਦਾਰ ਖੇਤਰ 'ਚ ਯੂਕ੍ਰੇਨ ਵੱਲੋਂ ਕੀਤੇ ਗਏ ਡਰੋਨ ਹਮਲੇ 'ਚ 2 ਬੱਚਿਆਂ ਦੀ ਮੌਤ ਹੋ ਗਈ, ਜਦਕਿ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਸਮਾਰਾ ਖੇਤਰ 'ਚ ਇੱਕ ਤੇਲ ਰਿਫਾਇਨਰੀ ਅਤੇ ਲੌਜਿਸਟਿਕ ਸੈਂਟਰ 'ਚ ਵੀ ਅੱਗ ਲੱਗਣ ਦੀ ਖ਼ਬਰ ਹੈ।


author

Harpreet SIngh

Content Editor

Related News