ਰੂਸ ਨੇ ਯੂਕ੍ਰੇਨ ਨਾਲ ਕੀਤੇ ਅਨਾਜ ਸੌਦੇ ਨੂੰ ਕੀਤਾ ਮੁਅੱਤਲ, ਵਧੀ ਵਿਸ਼ਵਵਿਆਪੀ ਚਿੰਤਾ
Monday, Oct 31, 2022 - 03:55 PM (IST)

ਕੀਵ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਚਿਤਾਵਨੀ ਦਿੱਤੀ ਹੈ ਕਿ ਯੂਕ੍ਰੇਨ ਨੂੰ ਅਨਾਜ ਬਰਾਮਦ ਕਰਨ ਲਈ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਵਾਲੇ ਸਮਝੌਤੇ ਨੂੰ ਰੂਸ ਵੱਲੋਂ ਮੁਅੱਤਲ ਕਰਨ ਨਾਲ ਵਿਸ਼ਵਵਿਆਪੀ ਭੁੱਖਮਰੀ ਪੈਦਾ ਹੋ ਜਾਵੇਗੀ। ਡੇਲਾਵੇਅਰ ਦੇ ਵਿਲਮਿੰਗਟਨ ਵਿੱਚ ਬਾਈਡੇਨ ਨੇ ਕਿਹਾ ਕਿ ਇਹ ਸੱਚਮੁੱਚ ਘਿਨਾਉਣਾ ਹੈ। ਉਹ ਜੋ ਕਰ ਰਹੇ ਹਨ, ਉਸ ਦਾ ਕੋਈ ਮਤਲਬ ਨਹੀਂ ਹੈ।ਰੂਸ ਨੇ ਐਲਾਨ ਕੀਤਾ ਸੀ ਕਿ ਉਹ ਸਮਝੌਤੇ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਤੁਰੰਤ ਰੋਕ ਦੇਵੇਗਾ। ਉਸ ਨੇ ਦੋਸ਼ ਲਗਾਇਆ ਗਿਆ ਕਿ ਯੂਕ੍ਰੇਨ ਨੇ ਸ਼ਨੀਵਾਰ ਨੂੰ ਰੂਸ ਦੇ ਬਲੈਕ ਸੀ ਫਲੀਟ ਦੇ ਜਹਾਜ਼ਾਂ 'ਤੇ ਡਰੋਨ ਹਮਲੇ ਕੀਤੇ। ਇਸ ਸੌਦੇ ਦੇ ਨਤੀਜੇ ਵਜੋਂ ਯੂਕ੍ਰੇਨ ਤੋਂ 397 ਜਹਾਜ਼ਾਂ ਰਾਹੀਂ 90 ਲੱਖ ਟਨ ਤੋਂ ਵੱਧ ਅਨਾਜ ਬਰਾਮਦ ਕੀਤਾ ਗਿਆ ਅਤੇ ਵਿਸ਼ਵ ਪੱਧਰ 'ਤੇ ਭੋਜਨ ਦੀਆਂ ਕੀਮਤਾਂ ਵਿਚ ਕਮੀ ਆਈ ਸੀ। ਇਸ ਨੂੰ ਨਵੰਬਰ ਵਿਚ ਰੀਨਿਊ ਕੀਤਾ ਜਾਣਾ ਸੀ।
ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਇਹ ਫ਼ੈਸਲਾ ਪਹਿਲਾਂ ਹੀ ਅਨੁਮਾਨਤ ਸੀ। ਉਨ੍ਹਾਂ ਕਿਹਾ ਕਿ ਰੂਸ ਸਤੰਬਰ ਤੋਂ ਜਾਣਬੁੱਝ ਕੇ ਖੁਰਾਕ ਸੰਕਟ ਨੂੰ ਵਧਾ ਰਿਹਾ ਹੈ। ਜ਼ੇਲੇਂਸਕੀ ਨੇ ਕਿਹਾ ਕਿ ਇਸ ਸਮੇਂ ਅਨਾਜ ਨਾਲ ਭਰੇ ਲਗਭਗ 176 ਜਹਾਜ਼ਾਂ ਨੂੰ ਯੂਕ੍ਰੇਨੀ ਬੰਦਰਗਾਹਾਂ ਨੂੰ ਛੱਡਣ ਤੋਂ ਰੋਕਿਆ ਗਿਆ ਸੀ। ਸ਼ਨੀਵਾਰ ਰਾਤ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਉਸਨੇ ਕਿਹਾ ਕਿ ਇਹ 70 ਲੱਖ ਤੋਂ ਵੱਧ ਖਪਤਕਾਰਾਂ ਲਈ ਭੋਜਨ ਹੈ। ਅਜਿਹਾ ਕਿਉਂ ਹੈ ਕਿ ਕ੍ਰੇਮਲਿਨ ਵਿੱਚ ਕਿਤੇ ਬੈਠੇ ਮੁੱਠੀ ਭਰ ਲੋਕ ਇਹ ਫ਼ੈਸਲਾ ਕਰ ਸਕਦੇ ਹਨ ਕਿ ਮਿਸਰ ਜਾਂ ਬੰਗਲਾਦੇਸ਼ ਵਿੱਚ ਲੋਕਾਂ ਨੂੰ ਭੋਜਨ ਮਿਲੇਗਾ ਜਾਂ ਨਹੀਂ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਦੀ ਆਸਟ੍ਰੇਲੀਆ 'ਚ ਬੀ-52 ਬੰਬਾਰ ਤਾਇਨਾਤ ਕਰਨ ਦੀ ਯੋਜਨਾ, ਡ੍ਰੈਗਨ ਦੀ ਵਧੀ ਚਿੰਤਾ
ਰੂਸ ਦੇ ਇਸ ਕਦਮ ਦੀ ਅੰਤਰਰਾਸ਼ਟਰੀ ਪੱਧਰ 'ਤੇ ਆਲੋਚਨਾ ਹੋ ਰਹੀ ਹੈ। ਯੂਰਪੀਅਨ ਯੂਨੀਅਨ ਦੀ ਵਿਦੇਸ਼ ਨੀਤੀ ਦੇ ਮੁਖੀ ਜੋਸੇਫ ਬੋਰੇਲ ਨੇ ਐਤਵਾਰ ਨੂੰ ਇੱਕ ਟਵੀਟ ਵਿੱਚ ਰੂਸ ਨੂੰ ਆਪਣਾ ਫ਼ੈਸਲਾ ਬਦਲਣ ਲਈ ਕਿਹਾ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਕਿਹਾ ਕਿ ਗਲੋਬਲ ਬਾਡੀ ਰੂਸੀ ਅਧਿਕਾਰੀਆਂ ਦੇ ਨਜ਼ਦੀਕੀ ਸੰਪਰਕ ਵਿੱਚ ਹੈ ਅਤੇ ਇਹ ਲਾਜ਼ਮੀ ਹੈ ਕਿ ਸਾਰੇ ਪੱਖ ਅਨਾਜ ਨਾਲ ਸਬੰਧਤ ਗਤੀਵਿਧੀਆਂ ਵਿੱਚ ਵਿਘਨ ਪਾਉਣ ਵਾਲੀਆਂ ਕਾਰਵਾਈਆਂ ਤੋਂ ਬਚਣ। ਇਸ ਮਹੀਨੇ ਦੇ ਸ਼ੁਰੂ ਵਿੱਚ ਮਾਸਕੋ ਨੇ ਯੂਕ੍ਰੇਨ ਦੇ ਪਾਵਰ ਪਲਾਂਟਾਂ, ਜਲ ਭੰਡਾਰਾਂ ਅਤੇ ਹੋਰ ਜ਼ਰੂਰੀ ਸਹੂਲਤਾਂ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਤੇਜ਼ ਕਰ ਦਿੱਤੇ, ਜਿਸ ਨਾਲ ਯੂਕ੍ਰੇਨ ਦੀ 40 ਪ੍ਰਤੀਸ਼ਤ ਬਿਜਲੀ ਪ੍ਰਣਾਲੀ ਤਬਾਹ ਹੋ ਗਈ। ਰੂਸੀ ਰਾਸ਼ਟਰਪਤੀ ਦਫਤਰ ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਐਤਵਾਰ ਨੂੰ ਸਰਕਾਰੀ ਟੈਲੀਵਿਜ਼ਨ ਨੂੰ ਦੱਸਿਆ ਕਿ ਰੂਸ ਸ਼ਾਂਤੀ ਵਾਰਤਾ ਲਈ ਤਿਆਰ ਹੈ, ਪਰ ਜ਼ੋਰ ਦੇ ਕੇ ਕਿਹਾ ਕਿ ਇਹ ਵਾਸ਼ਿੰਗਟਨ ਦੇ ਨਾਲ ਹੋਣੀ ਚਾਹੀਦੀ ਹੈ, ਜਿਸ ਨੂੰ ਰੂਸ ਕੀਵ ਦੇ ਵਿਚਾਰਾਂ ਦਾ "ਮਾਸਟਰਮਾਈਂਡ" ਮੰਨਦਾ ਹੈ।